
ਇਹ ਪ੍ਰਗਟਾਵਾ ਸੰਯੁਕਤ ਰਾਸ਼ਟਰ ਵਲੋਂ ਜਾਰੀ ਬੁਲਾਰਿਆਂ ਦੀ ਸੋਧੀ ਹੋਈ ਆਰਜ਼ੀ ਸੂਚੀ ਤੋਂ ਹੋਇਆ
UNGA session : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਤੰਬਰ ਦੇ ਅੰਤ ’ਚ ਹੋਣ ਵਾਲੇ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਦੌਰਾਨ ਸਾਲਾਨਾ ਆਮ ਬਹਿਸ ’ਚ ਕੋਈ ਬਿਆਨ ਨਹੀਂ ਦੇਣਗੇ। ਉਨ੍ਹਾਂ ਦੀ ਥਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਬਹਿਸ ’ਚ ਬਿਆਨ ਦੇਣ ਦੀ ਉਮੀਦ ਹੈ। ਇਹ ਪ੍ਰਗਟਾਵਾ ਸੰਯੁਕਤ ਰਾਸ਼ਟਰ ਵਲੋਂ ਜਾਰੀ ਬੁਲਾਰਿਆਂ ਦੀ ਸੋਧੀ ਹੋਈ ਆਰਜ਼ੀ ਸੂਚੀ ਤੋਂ ਹੋਇਆ ਹੈ।
ਪ੍ਰਧਾਨ ਮੰਤਰੀ ਇਸ ਮਹੀਨੇ ਦੇ ਅਖੀਰ ’ਚ ਨਿਊਯਾਰਕ ਦਾ ਦੌਰਾ ਕਰਨ ਵਾਲੇ ਹਨ। ਉਹ 22 ਸਤੰਬਰ ਨੂੰ ਲੌਂਗ ਆਈਲੈਂਡ ਵਿਚ 16,000 ਸੀਟਾਂ ਵਾਲੇ ਨਾਸਾਓ ਵੈਟਰਨਜ਼ ਮੈਮੋਰੀਅਲ ਕਾਲਜੀਅਮ ਵਿਚ ਇਕ ਵਿਸ਼ਾਲ ਭਾਈਚਾਰਕ ਸਮਾਗਮ ਨੂੰ ਸੰਬੋਧਨ ਕਰਨ ਦੀ ਯੋਜਨਾ ਬਣਾ ਰਹੇ ਹਨ। ਉਹ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ 22-23 ਸਤੰਬਰ ਨੂੰ ਹੋਣ ਵਾਲੇ ਸੰਯੁਕਤ ਰਾਸ਼ਟਰ ਦੇ ਇਤਿਹਾਸਕ ‘ਭਵਿੱਖ ਸਿਖਰ ਸੰਮੇਲਨ: ਬਿਹਤਰ ਕੱਲ੍ਹ ਲਈ ਬਹੁਪੱਖੀ ਹੱਲ’ ਨੂੰ ਵੀ ਸੰਬੋਧਨ ਕਰਨਗੇ।
ਸੰਯੁਕਤ ਰਾਸ਼ਟਰ ਵਲੋਂ ਜੁਲਾਈ ’ਚ ਜਾਰੀ 79ਵੇਂ ਸੈਸ਼ਨ ਦੀ ਆਮ ਬਹਿਸ ਲਈ ਬੁਲਾਰਿਆਂ ਦੀ ਆਰਜ਼ੀ ਸੂਚੀ ’ਚ ਕਿਹਾ ਗਿਆ ਹੈ ਕਿ ਮੋਦੀ 26 ਸਤੰਬਰ ਨੂੰ ਉੱਚ ਪੱਧਰੀ ਬਹਿਸ ’ਚ ਬਿਆਨ ਦੇਣਗੇ। ਸ਼ੁਕਰਵਾਰ ਨੂੰ ਜਾਰੀ ਸੋਧੀ ਹੋਈ ਆਰਜ਼ੀ ਸੂਚੀ ਮੁਤਾਬਕ ਮੋਦੀ ਦੀ ਬਜਾਏ ਜੈਸ਼ੰਕਰ 28 ਸਤੰਬਰ ਨੂੰ ਹੋਣ ਵਾਲੀ ਏ.ਜੀ.ਪੀ. ’ਚ ਬਿਆਨ ਦੇ ਸਕਦੇ ਹਨ।
ਇਸ ਸੂਚੀ ਦੇ ਨਾਲ ਜਨਰਲ ਅਸੈਂਬਲੀ ਅਤੇ ਕਾਨਫਰੰਸ ਮੈਨੇਜਮੈਂਟ ਦੇ ਅੰਡਰ ਸੈਕਟਰੀ ਜਨਰਲ ਮੂਵਜ਼ ਅਬੇਲਿਅਨ ਦੇ ਦਸਤਖਤ ਵਾਲੇ ਨੋਟ ਵੀ ਜਾਰੀ ਕੀਤੇ ਗਏ ਹਨ, ਜਿਸ ਵਿਚ ਕਿਹਾ ਗਿਆ ਸੀ ਕਿ ਬੁਲਾਰਿਆਂ ਦੀ ਸੋਧੀ ਹੋਈ ਸੂਚੀ ਪ੍ਰਤੀਨਿਧਤਾ ਦੇ ਪੱਧਰ (‘ਅਪਗ੍ਰੇਡ’ ਅਤੇ ‘ਡਾਊਨਗ੍ਰੇਡ’) ਵਿਚ ਤਬਦੀਲੀਆਂ ਨੂੰ ਧਿਆਨ ਵਿਚ ਰਖਦੀ ਹੈ ਅਤੇ ਮੈਂਬਰ ਦੇਸ਼ਾਂ ਵਿਚਾਲੇ ਆਦਾਨ-ਪ੍ਰਦਾਨ ਨੂੰ ਦਰਸਾਉਂਦੀ ਹੈ।
ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਦੀ ਆਮ ਬਹਿਸ ਇਸ ਸਾਲ 24 ਤੋਂ 30 ਸਤੰਬਰ ਤਕ ਹੋਵੇਗੀ।
ਰਵਾਇਤੀ ਤੌਰ ’ਤੇ ਬਹਿਸ ਦੇ ਪਹਿਲੇ ਬੁਲਾਰੇ, ਬ੍ਰਾਜ਼ੀਲ 24 ਸਤੰਬਰ ਨੂੰ ਉੱਚ ਪੱਧਰੀ ਸੈਸ਼ਨ ਦੀ ਸ਼ੁਰੂਆਤ ਕਰੇਗਾ। ਦੂਜਾ ਬੁਲਾਰਾ ਅਮਰੀਕਾ ਹੋਵੇਗਾ, ਜਿਸ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਸੰਯੁਕਤ ਰਾਸ਼ਟਰ ਫੋਰਮ ਤੋਂ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੂੰ ਅਪਣੇ ਕਾਰਜਕਾਲ ਦਾ ਆਖਰੀ ਭਾਸ਼ਣ ਦੇਣਗੇ।
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਆਮ ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਅਪਣੀ ਰੀਪੋਰਟ ਪੇਸ਼ ਕਰਨਗੇ, ਜਿਸ ਤੋਂ ਬਾਅਦ ਜਨਰਲ ਅਸੈਂਬਲੀ ਦੇ 79ਵੇਂ ਸੈਸ਼ਨ ਦੇ ਪ੍ਰਧਾਨ ਭਾਸ਼ਣ ਦੇਣਗੇ।
ਸੈਸ਼ਨ ਤੋਂ ਪਹਿਲਾਂ ਗੁਤਾਰੇਸ 22 ਤੋਂ 23 ਸਤੰਬਰ ਤਕ ‘ਭਵਿੱਖ ਸਿਖਰ ਸੰਮੇਲਨ: ਬਿਹਤਰ ਕੱਲ੍ਹ ਲਈ ਬਹੁਪੱਖੀ ਹੱਲ’ ਕਰਨਗੇ। ਇਸ ਸਿਖਰ ਸੰਮੇਲਨ ਦੌਰਾਨ, ਵਿਸ਼ਵ ਦੇ ਨੇਤਾ ਭਵਿੱਖ ਲਈ ਸੰਧੀ ਨੂੰ ਅਪਣਾਉਣ ਲਈ ਸੰਯੁਕਤ ਰਾਸ਼ਟਰ ’ਚ ਇਕੱਠੇ ਹੋਣਗੇ, ਜਿਸ ’ਚ ਇਕ ਪੂਰਕ ਵਜੋਂ ਇਕ ਗਲੋਬਲ ਡਿਜੀਟਲ ਇਕਰਾਰਨਾਮਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਬਾਰੇ ਘੋਸ਼ਣਾ ਸ਼ਾਮਲ ਹੋਵੇਗੀ।
ਸੰਯੁਕਤ ਰਾਸ਼ਟਰ ਨੇ ਕਿਹਾ, ‘‘ਇਹ ਸਿਖਰ ਸੰਮੇਲਨ ਇਕ ਉੱਚ ਪੱਧਰੀ ਪ੍ਰੋਗਰਾਮ ਹੈ ਜੋ ਵਿਸ਼ਵ ਦੇ ਨੇਤਾਵਾਂ ਨੂੰ ਇਕੱਠੇ ਕਰਦਾ ਹੈ ਤਾਂ ਜੋ ਅਸੀਂ ਵਰਤਮਾਨ ਨੂੰ ਕਿਵੇਂ ਸੁਧਾਰਦੇ ਹਾਂ ਅਤੇ ਭਵਿੱਖ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਾਂ।’’ ਇਸ ਤੋਂ ਇਲਾਵਾ, 24,000 ਤੋਂ ਵੱਧ ਭਾਰਤੀ ਪ੍ਰਵਾਸੀਆਂ ਨੇ ਲੌਂਗ ਆਈਲੈਂਡ ’ਚ ਪ੍ਰਸਤਾਵਿਤ ਭਾਈਚਾਰਕ ਸਮਾਗਮ ’ਚ ਦਿਲਚਸਪੀ ਵਿਖਾਈ ਹੈ ਜਿਸ ਨੂੰ ਮੋਦੀ ਸੰਬੋਧਨ ਕਰਨਗੇ।
ਭਾਰਤੀ-ਅਮਰੀਕੀ ਕਮਿਊਨਿਟੀ ਆਫ ਯੂ.ਐਸ.ਏ. (ਆਈ.ਏ.ਸੀ.ਯੂ.) ਨੇ ਇਕ ਬਿਆਨ ਵਿਚ ਕਿਹਾ ਕਿ ‘ਮੋਦੀ ਐਂਡ ਯੂ.ਐਸ. ਪ੍ਰੋਗਰੈਸ ਟੂਗੇਦਰ ਪ੍ਰੋਗਰਾਮ’ ਲਈ ਰਜਿਸਟ੍ਰੇਸ਼ਨ ਪੂਰੇ ਅਮਰੀਕਾ ਦੇ 590 ਭਾਈਚਾਰਕ ਸੰਗਠਨਾਂ ਰਾਹੀਂ ਕੀਤੀ ਗਈ ਹੈ, ਜਿਨ੍ਹਾਂ ਸਾਰਿਆਂ ਨੇ ‘ਵੈਲਕਮ ਪਾਰਟਨਰ’ ਵਜੋਂ ਦਸਤਖਤ ਕੀਤੇ ਹਨ।