
ਜਿਸ ਨਾਲ ਪਾਰਟੀ ਨੂੰ ਵਕਫ (ਸੋਧ) ਬਿਲ ਵਰਗੇ ਮਹੱਤਵਪੂਰਨ ਬਿਲ ਪਾਸ ਕਰਨ ’ਚ ਮਦਦ ਮਿਲਣ ਦੀ ਉਮੀਦ
NDA majority in Rajya Sabha : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ (ਐੱਨ.ਡੀ.ਏ.) ਨੇ ਰਾਜ ਸਭਾ ’ਚ 6 ਨਾਮਜ਼ਦ ਮੈਂਬਰਾਂ ਦੇ ਸਮਰਥਨ ਨਾਲ ਮਾਮੂਲੀ ਬਹੁਮਤ ਪ੍ਰਾਪਤ ਕਰ ਲਿਆ ਹੈ, ਜਿਸ ਨਾਲ ਪਾਰਟੀ ਨੂੰ ਵਕਫ (ਸੋਧ) ਬਿਲ ਵਰਗੇ ਮਹੱਤਵਪੂਰਨ ਬਿਲ ਪਾਸ ਕਰਨ ’ਚ ਮਦਦ ਮਿਲਣ ਦੀ ਉਮੀਦ ਹੈ।
ਹਾਲ ਹੀ ’ਚ ਹੋਈਆਂ ਰਾਜ ਸਭਾ ਜ਼ਿਮਨੀ ਚੋਣਾਂ ਤੋਂ ਬਾਅਦ ਸੰਸਦ ਦੇ ਉੱਚ ਸਦਨ ’ਚ ਮੈਂਬਰਾਂ ਦੀ ਗਿਣਤੀ 234 ਹੋ ਗਈ ਹੈ, ਜਿਸ ’ਚ ਭਾਜਪਾ ਦੇ ਅਪਣੇ 96 ਮੈਂਬਰ ਹਨ। ਐਨ.ਡੀ.ਏ. ਦੇ 113 ਮੈਂਬਰ ਹਨ। ਆਮ ਤੌਰ ’ਤੇ 6 ਨਾਮਜ਼ਦ ਮੈਂਬਰਾਂ ਦੇ ਸਰਕਾਰ ਦੇ ਹੱਕ ’ਚ ਵੋਟ ਪਾਉਣ ਨਾਲ ਐਨ.ਡੀ.ਏ. ਦੀ ਗਿਣਤੀ ਵੱਧ ਕੇ 119 ਹੋ ਜਾਂਦੀ ਹੈ, ਜੋ ਮੌਜੂਦਾ ਬਹੁਮਤ ਦੇ ਅੰਕੜੇ 117 ਤੋਂ ਸਿਰਫ਼ ਦੋ ਜ਼ਿਆਦਾ ਹੈ।
ਰਾਜ ਸਭਾ ’ਚ ਕਾਂਗਰਸ ਦੇ 27 ਅਤੇ ਉਸ ਦੇ ਸਹਿਯੋਗੀਆਂ ਦੇ 58 ਮੈਂਬਰ ਹਨ, ਜਿਸ ਨਾਲ ਰਾਜ ਸਭਾ ’ਚ ਵਿਰੋਧੀ ਗਠਜੋੜ ਦੇ 85 ਮੈਂਬਰ ਹਨ।
ਰਾਜ ਸਭਾ ’ਚ ਵੱਡੀ ਗਿਣਤੀ ’ਚ ਮੈਂਬਰ ਰੱਖਣ ਵਾਲੀਆਂ ਹੋਰ ਪਾਰਟੀਆਂ ’ਚ ਵਾਈ.ਐਸ.ਆਰ. ਕਾਂਗਰਸ ਦੇ 9 ਅਤੇ ਬੀਜੂ ਜਨਤਾ ਦਲ (ਬੀ.ਜੇ.ਡੀ.) ਦੇ 7 ਮੈਂਬਰ ਹਨ।
ਏ.ਆਈ.ਏ.ਡੀ.ਐਮ.ਕੇ. ਦੇ ਚਾਰ ਮੈਂਬਰ, ਤਿੰਨ ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦੇ ਹੋਰ ਸੰਸਦ ਮੈਂਬਰ ਹਨ ਜੋ ਕਾਂਗਰਸ ਜਾਂ ਭਾਜਪਾ ਦੇ ਗਠਜੋੜ ਦਾ ਹਿੱਸਾ ਨਹੀਂ ਹਨ। ਜੰਮੂ-ਕਸ਼ਮੀਰ ਦੀਆਂ ਚਾਰ ਸੀਟਾਂ ਉੱਚ ਸਦਨ ’ਚ ਖਾਲੀ ਹਨ ਕਿਉਂਕਿ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਅਜੇ ਅਪਣੀ ਪਹਿਲੀ ਵਿਧਾਨ ਸਭਾ ਨਹੀਂ ਮਿਲੀ ਹੈ।
ਸਦਨ ’ਚ ਕੁਲ 11 ਸੀਟਾਂ ਖਾਲੀ ਹਨ, ਜਿਨ੍ਹਾਂ ’ਚ ਜੰਮੂ-ਕਸ਼ਮੀਰ ਤੋਂ ਚਾਰ, ਆਂਧਰਾ ਪ੍ਰਦੇਸ਼ ਤੋਂ ਚਾਰ ਅਤੇ ਓਡੀਸ਼ਾ ਤੋਂ ਇਕ ਸੀਟ ਸ਼ਾਮਲ ਹੈ।
ਵਾਈ.ਐਸ.ਆਰ. ਕਾਂਗਰਸ ਦੇ ਦੋ ਅਤੇ ਬੀ.ਜੇ.ਡੀ. ਦੇ ਇਕ ਮੈਂਬਰ ਨੇ ਹਾਲ ਹੀ ’ਚ ਰਾਜ ਸਭਾ ਤੋਂ ਅਸਤੀਫਾ ਦੇ ਦਿਤਾ ਹੈ। ਬੀ.ਜੇ.ਡੀ. ਮੈਂਬਰ ਸੁਜੀਤ ਕੁਮਾਰ, ਜਿਨ੍ਹਾਂ ਦੇ ਅਸਤੀਫਾ ਦੇਣ ਤੋਂ ਬਾਅਦ ਉਪ ਚੋਣ ਜਿੱਤਣ ਦੀ ਸੰਭਾਵਨਾ ਹੈ, ਭਾਜਪਾ ’ਚ ਸ਼ਾਮਲ ਹੋ ਗਏ।
ਵਾਈ.ਐਸ.ਆਰ. ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਦੋ ਮੈਂਬਰ ਐਮ. ਵੈਂਕਟਰਮਨ ਰਾਓ ਅਤੇ ਬੀ ਮਸਤਾਨ ਰਾਓ ਆਂਧਰਾ ਪ੍ਰਦੇਸ਼ ’ਚ ਸੱਤਾਧਾਰੀ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ’ਚ ਸ਼ਾਮਲ ਹੋ ਸਕਦੇ ਹਨ।
ਰਾਜ ਸਭਾ ’ਚ ਭਾਜਪਾ ਦੇ ਸਹਿਯੋਗੀ ਜਨਤਾ ਦਲ-ਯੂਨਾਈਟਿਡ (ਜੇ.ਡੀ.ਯੂ.), ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.), ਜਨਤਾ ਦਲ-ਸੈਕੂਲਰ (ਜੇ.ਡੀ.-ਐਸ), ਰਿਪਬਲਿਕਨ ਪਾਰਟੀ ਆਫ ਇੰਡੀਆ (ਅਠਾਵਲੇ), ਸ਼ਿਵ ਸੈਨਾ, ਕੌਮੀ ਲੋਕ ਦਲ (ਆਰ.ਐਲ.ਡੀ.), ਨੈਸ਼ਨਲ ਪੀਪਲਜ਼ ਪਾਰਟੀ, ਪੀ.ਐਮ.ਕੇ., ਤਾਮਿਲ ਮਾਨੀਲਾ, ਕਾਂਗਰਸ ਅਤੇ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ (ਯੂ.ਪੀ.ਪੀ.ਐਲ.) ਹਨ।