
ਕਿਹਾ, ਕਈ ਮੁਦਰਾਵਾਂ ’ਚ ਡਾਲਰ ਦੇ ਮੁਕਾਬਲੇ ਗਿਰਾਵਟ ਆਈ
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸਰਕਾਰ ਵਟਾਂਦਰਾ ਦਰਾਂ ਉਤੇ ਚੰਗੀ ਨਜ਼ਰ ਰੱਖ ਰਹੀ ਹੈ ਅਤੇ ਰੁਪਏ ਤੋਂ ਇਲਾਵਾ ਕਈ ਹੋਰ ਮੁਦਰਾਵਾਂ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਗਿਰਾਵਟ ਆਈ ਹੈ।
ਇਹ ਪੁੱਛੇ ਜਾਣ ਉਤੇ ਕਿ ਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਚਿੰਤਾ ਦਾ ਵਿਸ਼ਾ ਹੈ, ਉਨ੍ਹਾਂ ਕਿਹਾ, ‘‘ਰੁਪਏ ਦੀ ਗਿਰਾਵਟ ਜ਼ਿਆਦਾਤਰ ਡਾਲਰ ਦੇ ਮੁਕਾਬਲੇ ਹੈ, ਨਾ ਕਿ ਕਿਸੇ ਹੋਰ ਮੁਦਰਾ ਦੇ ਮੁਕਾਬਲੇ। ਇਹ ਇਸ ਲਈ ਵੀ ਹੈ ਕਿਉਂਕਿ ਵਿਸ਼ਵ ਪੱਧਰ ਉਤੇ ਡਾਲਰ ਮਜ਼ਬੂਤ ਹੋਇਆ ਹੈ।’’ ਉਨ੍ਹਾਂ ਕਿਹਾ, ‘‘ਇਹ ਸਿਰਫ ਰੁਪਏ ਬਨਾਮ ਡਾਲਰ ਦਾ ਮਾਮਲਾ ਨਹੀਂ ਹੈ, ਇਹ ਡਾਲਰ ਦੇ ਮੁਕਾਬਲੇ ਕਈ ਹੋਰ ਮੁਦਰਾਵਾਂ ਦਾ ਮਾਮਲਾ ਹੈ। ਇਸ ਲਈ ਅਸੀਂ ਇਸ ਉਤੇ ਚੰਗੀ ਨਜ਼ਰ ਰੱਖ ਰਹੇ ਹਾਂ।’’
ਰੁਪਿਆ ਸ਼ੁਕਰਵਾਰ ਨੂੰ 88.38 ਦੇ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ ਡਾਲਰ ਦੇ ਮੁਕਾਬਲੇ 88.27 ਦੇ ਰੀਕਾਰਡ ਹੇਠਲੇ ਪੱਧਰ ਉਤੇ ਬੰਦ ਹੋਇਆ ਸੀ। ਇਹ ਗਿਰਾਵਟ ਅਮਰੀਕੀ ਟੈਰਿਫ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਆਈ ਹੈ, ਜਦਕਿ ਸਰਕਾਰੀ ਬੈਂਕਾਂ ਰਾਹੀਂ ਭਾਰਤੀ ਰਿਜ਼ਰਵ ਬੈਂਕ ਦੇ ਦਖਲ ਨਾਲ ਹੋਰ ਗਿਰਾਵਟ ਨੂੰ ਸੀਮਤ ਕਰਨ ਵਿਚ ਮਦਦ ਮਿਲੀ।