
ਸੀਤਾਰਮਨ ਜੀ.ਐਸ.ਟੀ. ਵਿਚ ਹਰ ਚੀਜ਼ ਦੀ ਸਮੀਖਿਆ ਕਰਨ ਲਈ ਕੰਮ ਸ਼ੁਰੂ ਕਰਨ ਲਈ ਪ੍ਰੇਰਿਤ ਹੋਏ
ਨਵੀਂ ਦਿੱਲੀ : ਪਿਛਲੇ ਦਿਨੀਂ ਐਲਾਨੇ ਗਏ ਜੀ.ਐਸ.ਟੀ. ਸੁਧਾਰਾਂ ਦਾ ਫ਼ੈਸਲਾ ਇਕਦਮ ਚੁਕਿਆ ਗਿਆ ਕਦਮ ਨਹੀਂ ਹੈ। ਇਸ ਬਾਰੇ ਤਿਆਰੀ ਪਿਛਲੇ ਸਾਲ ਤੋਂ ਚਲ ਰਹੀ ਸੀ। ਇਹ ਸੁਧਾਰ ਉਦੋਂ ਸ਼ੁਰੂ ਹੋਏ ਸਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਦਸੰਬਰ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਜਿਹਾ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਗੁੰਝਲਦਾਰ ਵਸਤੂ ਅਤੇ ਸੇਵਾ ਕਰ ਪ੍ਰਣਾਲੀ ’ਚ ਬਦਲਾਅ ਲਿਆਉਣ ਦੀ ਵੱਡੀ ਕਵਾਇਦ ਸ਼ੁਰੂ ਹੋ ਗਈ। ਅੰਤਿਮ ਨਤੀਜਾ ਘੱਟ ਟੈਕਸ ਦਰਾਂ ਅਤੇ ਕਾਰੋਬਾਰਾਂ ਲਈ ਆਸਾਨ ਪਾਲਣਾ ਦੇ ਨਾਲ ਇਕ ਮਹੱਤਵਪੂਰਣ ਸਰਲ ਪ੍ਰਣਾਲੀ ਹੈ।
ਸੀਤਾਰਮਨ, ਜਿਨ੍ਹਾਂ ਨੇ ਅਪਣੀ ਟੀਮ ਨਾਲ ਮੌਜੂਦਾ ਚਾਰ-ਪੱਧਰੀ ਢਾਂਚੇ ਅਤੇ ਕਾਰੋਬਾਰਾਂ ਨੂੰ ਦਰਪੇਸ਼ ਪਾਲਣਾ ਦੇ ਮੁੱਦਿਆਂ ਵਿਚ ਬੇਨਿਯਮੀਆਂ ਦੀ ਪਛਾਣ ਕਰਨ ਲਈ ਕੰਮ ਸ਼ੁਰੂ ਕੀਤਾ ਸੀ, ਨੂੰ ਪ੍ਰਧਾਨ ਮੰਤਰੀ ਨੇ ਉਹ ਵਿੱਤੀ ਸਾਲ 2025-26 ਲਈ ਬਜਟ ਤਿਆਰ ਕਰਨ ਦੌਰਾਨ ਹੀ ਪੁਛਿਆ ਸੀ, ‘‘ਕੀ ਤੁਸੀਂ ਜੀ.ਐਸ.ਟੀ. ਉਪਰ ਕੰਮ ਕਰ ਰਹੇ ਹੋ?’’
ਪ੍ਰਧਾਨ ਮੰਤਰੀ ਨਾਲ ਚਰਚਾ ਤੋਂ ਬਾਅਦ ਹੀ ਸੀਤਾਰਮਨ ਜੀ.ਐਸ.ਟੀ. ਵਿਚ ਹਰ ਚੀਜ਼ ਦੀ ਸਮੀਖਿਆ ਕਰਨ ਲਈ ਕੰਮ ਸ਼ੁਰੂ ਕਰਨ ਲਈ ਪ੍ਰੇਰਿਤ ਹੋਏ - ਨਾ ਸਿਰਫ ਦਰਾਂ ਅਤੇ ਟੈਕਸ ਸਲੈਬ ਬਲਕਿ ਕਾਰੋਬਾਰਾਂ, ਖਾਸ ਕਰ ਕੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਸ਼ਾਸਨ ਨੂੰ ਵਧੇਰੇ ਅਨੁਕੂਲ ਕਿਵੇਂ ਬਣਾਇਆ ਜਾਵੇ।
ਸੀਤਾਰਮਨ ਨੇ ਇਕ ਇੰਟਰਵਿਊ ’ਚ ਅਸਿੱਧੇ ਟੈਕਸ ਪ੍ਰਣਾਲੀ ’ਚ ਬਦਲਾਅ ਤੋਂ ਲੈ ਕੇ ‘ਬੈਕਐਂਡ ਸਾਫਟਵੇਅਰ’ ਨੂੰ ਲਾਗੂ ਕਰਨ ਲਈ ਤਿਆਰ ਹੋਣ ਤਕ ਦੇ ਸਮਾਨਾਂਤਰ ਕੰਮਾਂ ਨੂੰ ਯਾਦ ਕੀਤਾ।
ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਜੈਸਲਮੇਰ ’ਚ ਦਸੰਬਰ 2024 ’ਚ ਹੋਈ ਜੀ.ਐੱਸ.ਟੀ. ਕੌਂਸਲ ਦੀ ਆਖਰੀ ਬੈਠਕ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਮੈਨੂੰ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ‘ਇਕ ਵਾਰੀ ਤੁਸੀਂ ਜੀ.ਐਸ.ਟੀ. ਵੇਖ ਲਵੋ। ਕਾਰੋਬਾਰਾਂ ਲਈ ਸਹੂਲਤਜਨਕ ਬਣਾਓ ਅਤੇ ਦਰਾਂ ਉਤੇ ਏਨੇ ਸਾਰੇ ਭੰਬਲਭੂਸੇ ਕਿਉਂ ਹਨ?’
ਇਸ ਤੋਂ ਤੁਰਤ ਬਾਅਦ ਬਜਟ ’ਚ ਇਨਕਮ ਟੈਕਸ ਰਾਹਤ ਉਪਾਵਾਂ ਉਤੇ ਚਰਚਾ ਦੌਰਾਨ ਮੋਦੀ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਯਾਦ ਦਿਵਾਇਆ, ‘‘ਤੁਸੀਂ ਜੀ.ਐੱਸ.ਟੀ. ਦੇ ਉੱਪਰ ਕੰਮ ਕਰ ਰਹੇ ਹੋ ਨਾ?’’
ਇੰਟਰਵਿਊ ’ਚ ਸੀਤਾਰਮਨ ਨੇ ਕਿਹਾ, ‘‘ਪ੍ਰਧਾਨ ਮੰਤਰੀ ਤੋਂ ਸੁਣਨ ਤੋਂ ਬਾਅਦ ਮੈਂ ਇਹ ਫੈਸਲਾ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਜੀ.ਐੱਸ.ਟੀ. ’ਚ ਹਰ ਚੀਜ਼ ਦੀ ਪੂਰੀ ਸਮੀਖਿਆ ਕਰੀਏ, ਨਾ ਸਿਰਫ ਦਰਾਂ, ਨਾ ਸਿਰਫ ਸਲੈਬਾਂ ਦੀ ਗਿਣਤੀ, ਬਲਕਿ ਇਸ ਨੂੰ ਇਸ ਨਜ਼ਰੀਏ ਤੋਂ ਵੀ ਦੇਖੀਏ ਕਿ ਕਾਰੋਬਾਰੀ, ਛੋਟਾ ਜਾਂ ਦਰਮਿਆਨਾ ਕਾਰੋਬਾਰ ਇਸ ਨੂੰ ਕਿਵੇਂ ਲਵੇਗਾ?’’