
ਉਮੀਦਵਾਰਾਂ ਦੀ ਚੋਣ ਵਿਚ ਬਜ਼ੁਰਗ ਆਗੂਆਂ ਦਾ ਦਖ਼ਲ ਵਧਿਆ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਰਾਹੁਲ ਗਾਂਧੀ ਦੇ ਹਟ ਜਾਣ ਮਗਰੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਵਿਚ ਭਾਰਤੀ ਯੂਥ ਕਾਂਗਰਸ ਅਤੇ ਐਨਐਸਯੂਆਈ ਦਾ ਦਖ਼ਲ ਸੀਮਤ ਹੋ ਗਿਆ ਹੈ। ਦਰਅਸਲ, ਯੂਥ ਕਾਂਗਰਸ ਨੇ ਪਾਰਟੀ ਦੀ ਰਵਾਇਤ ਮੁਤਾਬਕ ਮਹਾਰਾਸ਼ਟਰ ਵਿਚ ਅਪਣੇ 13 ਅਹੁਦੇਦਾਰਾਂ ਅਤੇ ਹਰਿਆਣਾ ਵਿਚ ਸੱਤ ਅਹੁਦੇਦਾਰਾਂ ਲਈ ਟਿਕਟ ਮੰਗੀ ਸੀ।
Indian Youth Congress
ਮਹਾਰਾਸ਼ਟਰ ਵਿਚ ਯੂਥ ਕਾਂਗਰਸ ਦੇ ਸਿਰਫ਼ ਤਿੰਨ ਅਹੁਦੇਦਾਰਾਂ ਨੂੰ ਟਿਕਟ ਦਿਤੀ ਗਈ ਹੈ ਜਦਕਿ ਹਰਿਆਣਾ ਵਿਚ ਯੂਥ ਕਾਂਗਰਸ ਦੇ ਸਿਰਫ਼ ਇਕ ਆਗੂ ਸ਼ੀਸ਼ਪਾਲ ਕੇਹਰਵਾਲਾ ਨੂੰ ਕਾਲਾਂਵਾਲੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ, ਐਨਐਸਯੂਆਈ ਨੇ ਹਰਿਆਣਾ ਵਿਚ ਅਪਣੇ ਦੋ ਆਗੂਆਂ ਸ਼ੌਰਿਆਵੀਰ ਸਿੰਘ ਲਈ ਪਾਨੀਪਤ ਅਤੇ ਵਰਧਨ ਯਾਦਵ ਲਈ ਬਾਦਸ਼ਾਹਪੁਰ ਤੋਂ ਟਿਕਟ ਮੰਗੀ ਸੀ ਪਰ ਉਸ ਦੇ ਹੱਥ ਮਾਯੂਸੀ ਹੀ ਲੱਗੀ ਹੈ।
Rahul Gandhi
ਰਾਹੁਲ ਦੇ ਪ੍ਰਧਾਨ ਹੁੰਦਿਆਂ ਪਿਛਲੇ ਸਾਲ ਯੂਥ ਕਾਂਗਰਸ ਦੀ ਮੰਗ 'ਤੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ 15 ਅਤੇ ਰਾਜਸਥਾਨ ਵਿਧਾਨ ਸਭਾ ਚੋਣਾਂ ਵਿਚ 12 ਟਿਕਟਾਂ ਦਿਤੀਆਂ ਗਈਆਂ ਸਨ। ਯੂਥ ਕਾਂਗਰਸ ਦੇ ਅਹੁਦੇਦਾਰ ਨੇ ਕਿਹਾ, 'ਰਾਹੁਲ ਦੇ ਪ੍ਰਧਾਨ ਹੁੰਦਿਆਂ ਯੂਥ ਕਾਂਗਰਸ ਦੀ ਸਿਫ਼ਾਰਸ਼ ਮੰਨੀ ਜਾਂਦੀ ਸੀ। ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਖ਼ੈਰ, ਯੂਥ ਕਾਂਗਰਸ ਪੂਰੀ ਮਿਹਨਤ ਕਰ ਰਹੀ ਹੈ।' ਇਕ ਹੋਰ ਅਹੁਦੇਦਾਰ ਨੇ ਕਿਹਾ, 'ਸਾਡੀ ਸਿਫ਼ਾਰਸ਼ ਵਾਲੇ ਵਿਅਕਤੀਆਂ ਨੂੰ ਟਿਕਣ ਨਾ ਮਿਲਣ ਕਾਰਨ ਥੋੜੀ ਮਾਯੂਸੀ ਤਾਂ ਹੋਈ ਹੈ ਪਰ ਅਸੀਂ ਚੋਣਾਂ ਵਿਚ ਪਾਰਟੀ ਲਈ ਪੂਰੀ ਤਾਕਤ ਨਾਲ ਲੱਗੇ ਹੋਏ ਹਾਂ।'
Sonia Gandhi
ਦਰਅਸਲ, ਸੋਨੀਆ ਗਾਂਧੀ ਦੇ ਕਮਾਨ ਸੰਭਾਲਣ ਮਗਰੋਂ ਨੀਤੀਕਾਰੀ ਵਿਚ ਕਈ ਪੁਰਾਣੇ ਆਗੂਆਂ ਦੀ ਭੂਮਿਕਾ ਵੱਧ ਗਈ ਹੈ ਜਿਸ ਕਾਰਨ ਰਾਹੁਲ ਟੀਮ ਦਾ ਹਿੱਸਾ ਰਹੇ ਨੌਜਵਾਨ ਆਗੂ ਘੁਟੇ ਘੁਟੇ ਮਹਿਸੂਸ ਕਰ ਰਹੇ ਹਨ। ਕਾਂਗਰਸ ਦੇ ਕਿਸੇ ਸੀਨੀਅਰ ਆਗੂ ਨੇ ਕਿਹਾ, 'ਜੇ ਕੋਈ ਅਣਦੇਖੀ ਦੀ ਗੱਲ ਕਰ ਰਿਹਾ ਹੈ ਤਾਂ ਉਹ ਗ਼ਲਤ ਹੈ। ਪਿਛਲੇ ਕੁੱਝ ਹਫ਼ਤਿਆਂ ਦੌਰਾਨ ਹੋਈ ਤਬਦੀਲੀ ਜਾਂ ਟਿਕਟ ਵੰਡ ਦੇ ਫ਼ੈਸਲੇ ਪੂਰੇ ਵਿਚਾਰ-ਵਟਾਂਦਰੇ ਮਗਰੋਂ ਲਏ ਗਏ ਹਨ। ਪਾਰਟੀ ਵਿਚ ਅਹੁਦਾ ਜਾਂ ਟਿਕਟ ਲੈਣ ਲਈ ਯੂਥ ਕਾਂਗਰਸ ਦਾ ਆਗੂ ਹੋਣਾ ਇਕੋ ਇਕ ਮਾਪਦੰਡ ਨਹੀਂ। ਕਾਫ਼ੀ ਕੁੱਝ ਵੇਖਣਾ ਪੈਂਦਾ ਹੈ।'