
ਪਰਿਵਾਰਕ ਮੈਂਬਰਾਂ ਅਨੁਸਾਰ ਡਾ. ਅਮਿਤ ਸੋਨੀ ਤੇ ਅਮਿਤ ਠਾਕੁਰ ਨੇ ਬੱਚੇ ਨੂੰ ਦਿੱਤਾ ਸੀ ਕੋਲਡ੍ਰਿਫ ਸਿਰਪ
ਬੈਤੂਲ : ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿੱਚ ਖੰਘ ਦੀ ਦਵਾਈ ਪੀਣ ਨਾਲ ਹੋਈ ਦੋ ਬੱਚਿਆਂ ਦੀ ਮੌਤ ਤੋਂ ਬਾਅਦ, ਇੱਕ ਹੋਰ ਬੱਚਾ ਜ਼ਿੰਦਗੀ ਲਈ ਲੜਾਈ ਲੜ ਰਿਹਾ ਹੈ। ਡਾਕਟਰਾਂ ਅਨੁਸਾਰ ਬੱਚੇ ਦੇ ਗੁਰਦੇ ਪੂਰੀ ਤਰ੍ਹਾਂ ਫੇਲ੍ਹ ਹੋ ਗਏ ਹਨ ਅਤੇ ਉਹ ਇਸ ਸਮੇਂ ਨਾਗਪੁਰ ਮੈਡੀਕਲ ਕਾਲਜ ਵਿੱਚ ਵੈਂਟੀਲੇਟਰ ਸਪੋਰਟ ’ਤੇ ਹੈ। ਪਰਿਵਾਰ ਦਾ ਆਰੋਪ ਹੈ ਕਿ ਡਾਕਟਰ ਵੱਲੋਂ ਦਿੱਤੀਆਂ ਗਈਆਂ ਦਵਾਈਆਂ ਦੀ ਵਰਤੋਂ ਨਾਲ ਹੀ ਬੱਚੇ ਦੀ ਸਿਹਤ ਜ਼ਿਆਦਾ ਵਿਗੜੀ ਹੈ।
ਪਹਿਲੇ ਦੋ ਮਾਮਲੇ ਬੈਤੂਲ ਜ਼ਿਲ੍ਹੇ ਦੇ ਸਨ ਜਿੱਥੇ ਨਿਹਾਲ ਧੁਰਵੇ (2 ਸਾਲ) ਅਤੇ ਗਰਮਿਤ ਧੁਰਵੇ (2 ਸਾਲ) ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਦੋਵੇਂ ਬੱਚਿਆਂ ਦਾ ਇਲਾਜ ਛਿੰਦਵਾੜਾ ਜ਼ਿਲ੍ਹੇ ਦੇ ਪਾਰਸੀਆ ਸਥਿਤ ਡਾਕਟਰ ਪ੍ਰਵੀਨ ਸੋਨੀ ਵੱਲੋਂ ਕੀਤਾ ਗਿਆ ਸੀ। ਬੱਚਿਆਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਡਾਕਟਰ ਨੇ ਕੋਲਡ੍ਰਿਫ ਸਿਰਪ ਸਮੇਤ ਹੋਰ ਦਵਾਈਆਂ ਦਿੱਤੀਆਂ ਸਨ, ਜਿਨ੍ਹਾਂ ਨੂੰ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਹੋਰ ਜ਼ਿਆਦਾ ਖ਼ਰਾਬ ਹੋ ਗਈ।
ਹੁਣ ਬੈਤੂਲ ਦੇ ਟਿਕਾਬਰੀ ਪਿੰਡ ਵਿੱਚ ਰਹਿਣ ਵਾਲੇ ਹਰਸ਼ ਯਦੁਵੰਸ਼ੀ ਨਾਮੀ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦਾ ਇਲਾਜ ਪਰਸੀਆ ਵਿੱਚ ਡਾਕਟਰ ਅਮਿਤ ਠਾਕੁਰ ਦੇ ਕਲੀਨਿਕ ਵਿੱਚ ਹੋਇਆ ਸੀ। ਹਰਸ਼ ਦੇ ਚਾਚਾ ਸ਼ਿਆਮ ਯਦੁਵੰਸ਼ੀ ਨੇ ਦੱਸਿਆ ਕਿ 1 ਅਕਤੂਬਰ ਨੂੰ ਅਸੀਂ ਹਰਸ਼ ਨੂੰ ਡਾਕਟਰ ਅਮਿਤ ਠਾਕੁਰ ਕੋਲ ਲੈ ਗਏ ਸੀ। ਡਾਕਟਰ ਵੱਲੋਂ ਜੋ ਦਵਾਈਆਂ ਦਿੱਤੀਆਂ ਗਈਆਂ ਉਨ੍ਹਾਂ ਦਵਾਈਆਂ ਨੂੰ ਦੇਣ ਤੋਂ ਬਾਅਦ ਹਰਸ਼ ਦੀ ਸਿਹਤ ਹੋਰ ਜ਼ਿਆਦਾ ਖਰਾਬ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਬੈਤੂਲ ਲਿਜਾਇਆ ਗਿਆ ਪਰ ਕਿਸੇ ਵੀ ਡਾਕਟਰ ਨੇ ਉਸ ਨੂੰ ਇਲਾਜ਼ ਲਈ ਭਰਤੀ ਨਾ ਕੀਤਾ। ਇਸ ਤੋਂ ਬਾਅਦ ਹਰਸ਼ ਨੂੰ ਨਾਗਪੁਰ ਲਿਜਾਣਾ ਪਿਆ। ਹਰਸ਼ ਦੇ ਦਾਦਾ ਦੇਵਾ ਯਦੁਵੰਸ਼ੀ ਦਾ ਕਹਿਣਾ ਹੈ ਕਿ ਡਾਕਟਰੀ ਪ੍ਰਵੀਨ ਸੋਨੀ ਅਤੇ ਅਮਿਤ ਠਾਕੁਰ ਵੱਲੋਂ ਬੱਚੇ ਕੋਲਡ੍ਰਿਫ ਸਿਰਪ ਦਿੱਤਾ ਗਿਆ ਜਿਸ ਤੋਂ ਬਾਅਦ ਬੱਚੇ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ।