
ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਨਜ਼ਰਬੰਦੀ ਕੇਂਦਰ ਵਿੱਚ ਮੌਜੂਦ ਲੋਕਾਂ ਨੂੰ ਜਹਾਜ਼ ਵਿੱਚ ਭੇਜ ਦਿੱਤਾ ਗਿਆ ਹੈ
ਨਵੀਂ ਦਿੱਲੀ - 16 ਭਾਰਤੀ ਜਹਾਜ਼ਰਾਨ ਕਥਿਤ ਤੌਰ 'ਤੇ ਇਕੁਆਟੋਰੀਅਲ ਗਿਨੀ ਵਿੱਚ ਨਜ਼ਰਬੰਦ ਹਨ ਅਤੇ ਉੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਉਨ੍ਹਾਂ ਦੀ ਰਿਹਾਈ ਲਈ ਕਾਰਜਸ਼ੀਲ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਲਿਖੇ ਇੱਕ ਪੱਤਰ ਵਿੱਚ ਰਾਜ ਸਭਾ ਮੈਂਬਰ ਏ.ਏ. ਰਹੀਮ ਨੇ ਕਿਹਾ ਕਿ 'ਐਮਟੀ ਹੀਰੋਇਕ ਇਡਨ' ਜਹਾਜ਼ ਦੇ ਚਾਲਕ ਦਲ ਵਿੱਚ ਭਾਰਤੀ ਸ਼ਾਮਲ ਹਨ ਅਤੇ ਉਹ ਅਗਸਤ ਦੇ ਅੱਧ ਤੋਂ ਹਿਰਾਸਤ ਵਿੱਚ ਸਨ।
ਟਵਿੱਟਰ ਰਾਹੀਂ, ਸੰਸਦ ਮੈਂਬਰ ਨੇ ਵਿਦੇਸ਼ ਮੰਤਰੀ ਨੂੰ 16 ਭਾਰਤੀ ਚਾਲਕ ਦਲ ਦੇ ਮੈਂਬਰਾਂ ਦੀ 'ਗ਼ੈਰ-ਕਨੂੰਨੀ ਨਜ਼ਰਬੰਦੀ' ਦੇ ਮਾਮਲੇ ਵਿੱਚ 'ਤੁਰੰਤ ਦਖਲ' ਦੇਣ ਦੀ ਬੇਨਤੀ ਕੀਤੀ। ਉਸ ਦੇਸ਼ ਵਿੱਚ ਸਥਿਤ ਭਾਰਤੀ ਦੂਤਾਵਾਸ ਨੇ ਸੋਮਵਾਰ ਨੂੰ ਕਿਹਾ ਕਿ ਉਹ ਚਾਲਕ ਦਲ ਦੇ ਮੈਂਬਰਾਂ ਨਾਲ ਫ਼ੋਨ 'ਤੇ ਨਿਯਮਤ ਸੰਪਰਕ ਵਿੱਚ ਹੈ।
“ਇਹ ਦੂਤਾਵਾਸ ਅਤੇ ਅਬੂਜਾ ਵਿੱਚ ਸਾਡਾ ਹਾਈ ਕਮਿਸ਼ਨ ਚਾਲਕ ਦਲ ਦੇ ਮੈਂਬਰਾਂ ਦੀ ਜਲਦੀ ਰਿਹਾਈ ਵਾਸਤੇ ਇਕੁਆਟੋਰੀਅਲ ਗਿਨੀ ਅਤੇ ਨਾਈਜੀਰੀਆ ਦੇ ਅਧਿਕਾਰੀਆਂ ਨਾਲ ਲਗਾਤਾਰ ਜੁਟਿਆ ਹੋਇਆ ਹੈ। ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਨਜ਼ਰਬੰਦੀ ਕੇਂਦਰ ਵਿੱਚ ਮੌਜੂਦ ਲੋਕਾਂ ਨੂੰ ਜਹਾਜ਼ ਵਿੱਚ ਭੇਜ ਦਿੱਤਾ ਗਿਆ ਹੈ, ” ਇਕੁਆਟੋਰੀਅਲ ਗਿਨੀ ਦੇ ਭਾਰਤੀ ਦੂਤਾਵਾਸ ਨੇ ਟਵੀਟ ਕੀਤਾ।
“ਅਗਸਤ ਦੇ ਅੱਧ ਵਿੱਚ ਹੋਈ ਉਨ੍ਹਾਂ ਦੀ ਨਜ਼ਰਬੰਦੀ ਦੇ ਸਮੇਂ ਤੋਂ, ਚਾਲਕ ਦਲ ਦੇ ਮੈਂਬਰਾਂ ਨਾਲ ਫ਼ੋਨ ਉੱਤੇ ਨਿਯਮਤ ਸੰਪਰਕ ਬਣਾ ਕੇ ਰੱਖਿਆ ਗਿਆ ਹੈ। ਅਸੀਂ ਉਹਨਾਂ ਨਾਲ ਕਈ ਵਾਰ ਮੁਲਾਕਾਤ ਵੀ ਕਰ ਚੁੱਕੇ ਹਾਂ। ਅਸੀਂ ਕਾਰਜਾਂ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ ਅਤੇ ਮੁੱਦੇ ਦੇ ਛੇਤੀ ਹੱਲ ਵਾਸਤੇ ਸਰਗਰਮੀ ਨਾਲ ਰੁੱਝੇ ਹੋਏ ਹਾਂ,” ਭਾਰਤੀ ਦੂਤਾਵਾਸ ਨੇ ਟਵੀਟ 'ਚ ਜ਼ਿਕਰ ਕਰਦਿਆਂ ਲਿਖਿਆ।