ਕਿਹਾ- ਤੁਹਾਨੂੰ ਹਿੰਦੂ ਸ਼ਬਦ ਦਾ ਅਰਥ ਜਾਣ ਕੇ ਸ਼ਰਮ ਆਵੇਗੀ
ਬੈਂਗਲੁਰੂ: ਕਰਨਾਟਕ ਕਾਂਗਰਸ ਦੇ ਚੋਟੀ ਦੇ ਨੇਤਾ ਸਤੀਸ਼ ਲਕਸ਼ਮਣ ਰਾਓ ਜਰਕੀਹੋਲੀ ਨੇ ਇਹ ਕਹਿ ਕੇ ਇੱਕ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ "ਹਿੰਦੂ" ਸ਼ਬਦ ਦਾ ਇੱਕ ਅਸ਼ਲੀਲ ਅਰਥ ਹੈ ਅਤੇ ਇਸ ਦਾ ਮੂਲ ਭਾਰਤ ਵਿੱਚ ਨਹੀਂ ਹੈ। ਇਹ ਫਾਰਸੀ ਤੋਂ ਹੈ।
ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਨ੍ਹਾਂ ਨੂੰ ਬੋਲਦੇ ਸੁਣਿਆ ਜਾ ਰਿਹਾ, ''ਹਿੰਦੂ ਸ਼ਬਦ, ਇਹ ਕਿੱਥੋਂ ਆਇਆ ਹੈ? ਕੀ ਇਹ ਸਾਡਾ ਹੈ? ਇਹ ਫਾਰਸੀ ਹੈ, ਈਰਾਨ, ਇਰਾਕ, ਉਜ਼ਬੇਕਿਸਤਾਨ, ਕਜ਼ਾਕਿਸਤਾਨ ਦੇ ਖੇਤਰ ਤੋਂ ਹੈ। ਹਿੰਦੂ ਸ਼ਬਦ ਦਾ ਭਾਰਤ ਨਾਲ ਕੀ ਸਬੰਧ ਹੈ? ਫਿਰ ਤੁਸੀਂ ਇਸ ਨੂੰ ਕਿਵੇਂ ਸਵੀਕਾਰ ਕਰ ਸਕਦੇ ਹੋ? ਇਸ 'ਤੇ ਬਹਿਸ ਹੋਣੀ ਚਾਹੀਦੀ ਹੈ।''
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਸੱਤਾਧਾਰੀ ਭਾਜਪਾ ਨੇ ਇਸ ਨੂੰ ਹਿੰਦੂਆਂ ਦਾ ਅਪਮਾਨ ਅਤੇ ਭੜਕਾਊ ਕਰਾਰ ਦਿੱਤਾ ਹੈ।
ਵੀਡੀਓ ਵਿਚ ਸਤੀਸ਼ ਲਕਸ਼ਮਣ ਰਾਓ ਕਹਿ ਰਹੇ ਹਨ, "ਤੁਹਾਨੂੰ ਹਿੰਦੂ ਸ਼ਬਦ ਦਾ ਅਰਥ ਜਾਣ ਕੇ ਸ਼ਰਮ ਆਵੇਗੀ। ਇਹ ਅਸ਼ਲੀਲ ਹੈ," ਉਹ ਵੀਡੀਓ ਵਿੱਚ ਦਰਸ਼ਕਾਂ ਨੂੰ "ਵਿਕੀਪੀਡੀਆ ਦੀ ਜਾਂਚ" ਕਰਨ ਲਈ ਕਹਿ ਰਹੇ ਹਨ ਕਿ ਇਹ ਸ਼ਬਦ ਕਿੱਥੋਂ ਆਇਆ ਹੈ।
ਸਤੀਸ਼ ਲਕਸ਼ਮਣ ਰਾਓ ਜਰਕੀਹੋਲੀ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਨ ਅਤੇ ਪਿਛਲੀ ਕਾਂਗਰਸ ਸਰਕਾਰ ਵਿੱਚ ਜੰਗਲਾਤ ਮੰਤਰੀ ਵੀ ਰਹਿ ਚੁੱਕੇ ਹਨ। ਉਹ ਐਤਵਾਰ ਨੂੰ ਬੇਲਾਗਾਵੀ ਜ਼ਿਲ੍ਹੇ ਵਿੱਚ ਇੱਕ ਸਮਾਗਮ ਦੌਰਾਨ ਬੋਲ ਰਹੇ ਸਨ, ਜਦੋਂ ਉਨ੍ਹਾਂ ਨੇ ਇਹ ਟਿੱਪਣੀ ਕੀਤੀ।