
ਪੰਜਾਬ ਵਿਚ ਅਕਤੂਬਰ 2021 ਵਿਚ ਪਰਾਲੀ ਸਾੜਨ ਦੀਆਂ 13,269 ਘਟਨਾਵਾਂ ਅਤੇ ਅਕਤੂਬਰ 2022 ਵਿਚ 16,004 ਘਟਨਾਵਾਂ ਵਾਪਰੀਆਂ
ਨਵੀਂ ਦਿੱਲੀ - ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਅਕਤੂਬਰ 2021 ਦੇ ਮੁਕਾਬਲੇ ਇਸ ਸਾਲ ਅਕਤੂਬਰ ਵਿਚ ਰਾਜਸਥਾਨ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 160 ਫ਼ੀਸਦੀ ਅਤੇ ਪੰਜਾਬ ਵਿਚ 20 ਫ਼ੀਸਦੀ ਵਾਧਾ ਹੋਇਆ ਹੈ। ਜਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਅਕਤੂਬਰ 2021 ਵਿਚ ਪਰਾਲੀ ਸਾੜਨ ਦੀਆਂ 13,269 ਘਟਨਾਵਾਂ ਅਤੇ ਅਕਤੂਬਰ 2022 ਵਿਚ 16,004 ਘਟਨਾਵਾਂ ਵਾਪਰੀਆਂ, ਜਦੋਂ ਕਿ ਰਾਜਸਥਾਨ ਵਿਚ ਇਨ੍ਹਾਂ ਦੀ ਗਿਣਤੀ 124 ਤੋਂ ਵੱਧ ਕੇ 318 ਹੋ ਗਈ।
ਇਸ ਦਾ ਮਤਲਬ ਹੈ ਕਿ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਪਰਾਲੀ ਸਾੜਨ ਨੂੰ ਰੋਕਣ ਲਈ ਕੋਈ ਸਖ਼ਤ ਕਦਮ ਨਹੀਂ ਚੁੱਕ ਰਹੀਆਂ ਅਤੇ ਦਿੱਲੀ-ਐਨਸੀਆਰ ਵਿਚ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਧਰਤੀ ਵਿਗਿਆਨ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਨੇ ਕਿਹਾ ਕਿ ਦੂਜੇ ਪਾਸੇ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਮੀ ਆਈ ਹੈ।
ਜਤਿੰਦਰ ਸਿੰਘ ਨੇ ਕਿਹਾ ਕਿ ਅਕਤੂਬਰ 2021 ਵਿਚ ਉੱਤਰ ਪ੍ਰਦੇਸ਼ ਵਿਚ ਪਰਾਲੀ ਸਾੜਨ ਦੀਆਂ 1,060 ਘਟਨਾਵਾਂ ਸਾਹਮਣੇ ਆਈਆਂ ਸਨ, ਜਦੋਂ ਕਿ ਇਸ ਸਾਲ ਅਕਤੂਬਰ ਵਿਚ 768 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਹਰਿਆਣਾ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ 2,914 ਤੋਂ ਘਟ ਕੇ 1,995 ਰਹਿ ਗਈਆਂ ਹਨ।