
ਕਿਹਾ, CIC ਦੀ ਨਿਯੁਕਤੀ ’ਚ ਸਾਰੇ ਲੋਕਤੰਤਰ ਮਾਨਦੰਡਾਂ, ਪਰੰਪਰਾਵਾਂ ਅਤੇ ਪ੍ਰਕਿਰਿਆਵਾਂ ਦੀਆਂ ਧੱਜੀਆਂ ਉਡਾ ਦਿਤੀਆਂ ਗਈਆਂ
CIC election row : ਲੋਕ ਸਭਾ ’ਚ ਕਾਂਗਰਸ ਦੇ ਲੀਡਰ ਅਤੇ ਮੁੱਖ ਸੂਚਨਾ ਕਮਿਸ਼ਨਰ (ਸੀ.ਆਈ.ਸੀ.) ਦੀ ਨਿਯੁਕਤੀ ਨਾਲ ਸਬੰਧਤ ਚੋਣ ਕਮੇਟੀ ਦੇ ਮੈਂਬਰ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਦਰੌਪਦੀ ਮੁਰਮੂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਸੀ.ਆਈ.ਸੀ. ਦੀ ਚੋਣ ਪ੍ਰਕਿਰਿਆ ਨੂੰ ਲੈ ਕੇ ਉਨ੍ਹਾਂ ਨੂੰ ਹਨੇਰੇ ’ਚ ਰਖਿਆ ਗਿਆ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਸੀ.ਆਈ.ਸੀ. ਦੀ ਨਿਯੁਕਤੀ ’ਚ ਸਾਰੇ ਲੋਕਤੰਤਰ ਮਾਨਦੰਡਾਂ, ਪਰੰਪਰਾਵਾਂ ਅਤੇ ਪ੍ਰਕਿਰਿਆਵਾਂ ਦੀਆਂ ਧੱਜੀਆਂ ਉਡਾ ਦਿਤੀਆਂ ਗਈਆਂ। ਚਿੱਠੀ ’ਚ ਚੌਧਰੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਆਵਾਜ਼ ਨੂੰ ‘ਅਣਦੇਖਿਆ’ ਕੀਤਾ ਗਿਆ ਹੈ ਅਤੇ ਇਹ ਲੋਕਤੰਤਰ ਲਈ ਚੰਗਾ ਨਹੀਂ ਹੈ।
ਸਾਬਕਾ ਆਈ.ਏ.ਐੱਸ. ਅਧਿਕਾਰੀ ਹੀਰਾਲਾਲ ਸਾਮਰੀਆ ਨੂੰ ਸੋਮਵਾਰ ਨੂੰ ਰਾਸ਼ਟਰਪਤੀ ਮੁਰਮੂ ਨੇ ਮੁੱਖ ਸੂਚਨਾ ਕਮਿਸ਼ਨਰ ਦੇ ਰੂਪ ’ਚ ਸਹੁੰ ਚੁਕਾਈ।
ਚੌਧਰੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਦੀ ਬੈਠਕ ਤਿੰਨ ਨਵੰਬਰ ਨੂੰ ਸਵੇਰੇ ਸੱਦਣ ਦੀ ਅਪੀਲ ਕੀਤੀ ਸੀ ਪਰ ਇਸ ਨੂੰ ਪ੍ਰਧਾਨ ਮੰਤਰੀ ਦੀ ਸਹੂਲੀਅਤ ਮੁਤਾਬਕ ਉਸ ਦਿਨ ਸ਼ਾਮ ਛੇ ਵਜੇ ਹੀ ਸੱਦ ਲਿਆ ਗਿਆ।
ਚਿੱਠੀ ’ਚ ਉਨ੍ਹਾਂ ਕਿਹਾ, ‘‘ਸੰਪੂਰਨ ਚੋਣ ਪ੍ਰਕਿਰਿਆ ਨਾਲ ਸਬੰਧ ਉਪਰੋਕਤ ਤੱਥਾਂ ਨੂੰ ਵੇਖਦਿਆਂ ਮੈਂ ਤੁਹਾਨੂੰ ਇਹ ਯਕੀਨ ਕਰਨ ਲਈ ਹਰ ਸੰਭਵ ਉਪਾਅ ਕਰਨ ਦੀ ਅਪੀਲ ਕਰਾਂਗਾ ਕਿ ਵਿਰੋਧੀ ਧਿਰ ਨੂੰ ਉਸ ਦਾ ਬਣਦਾ ਉਚਿਤ ਅਤੇ ਜਾਇਜ਼ ਥਾਂ ਨਾ ਦੇ ਕੇ ਸਾਡੀਆਂ ਲੋਕਤੰਤਰੀ ਪਰੰਪਰਾਵਾਂ ਅਤੇ ਲੋਕਾਚਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ’ਤੇ ਪਾਬੰਦੀ ਲਾਈ ਜਾਵੇ ਅਤੇ ਵਿਰੋਧੀ ਧਿਰ ਨੂੰ ਸੁਣਿਆ ਜਾਵੇ।’’
ਸੰਸਦ ਦੀ ਲੋਕ ਲੇਖਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਚੋਣ ਕਮੇਟੀ ਦਾ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸੀ.ਆਈ.ਸੀ. ਅਤੇ ਸੂਚਨਾ ਕਮਿਸ਼ਨਰਾਂ ਦੀ ਚੋਣ ਬਾਰੇ ‘ਪੂਰੀ ਤਰ੍ਹਾਂ ਹਨੇਰੇ ’ਚ ਰਖਿਆ ਗਿਆ।’ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੈਠਕ ਪ੍ਰਧਾਨ ਮੰਤਰੀ ਦੇ ਘਰ ਤਿੰਨ ਨਵੰਬਰ ਨੂੰ ਸ਼ਾਮ ਛੇ ਵਜੇ ਹੋਈ ਸੀ।
ਚੌਧਰੀ ਅਨੁਸਾਰ, ‘‘ਤੱਥ ਇਹ ਹੈ ਕਿ ਬੈਠਕ ’ਚ ਸਿਰਫ਼ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਮੌਜੂਦ ਸਨ ਅਤੇ ‘ਵਿਰੋਧੀ ਦਾ ਚਿਹਰਾ’, ਯਾਨੀਕਿ ਚੋਣ ਕਮੇਟੀ ਦੇ ਇਕ ਪ੍ਰਮਾਣਿਕ ਮੈਂਬਰ ਦੇ ਰੂਪ ’ਚ ਮੈਂ ਮੌਜੂਦ ਨਹੀਂ ਸੀ। ਬੈਠਕ ਦੇ ਕੁਝ ਘੰਟਿਆਂ ਅੰਦਰ ਚੁਣੇ ਗਏ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ, ਉਨ੍ਹਾਂ ਨੂੰ ਨੋਟੀਫ਼ਾਈ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਹੁੰ ਵੀ ਚੁਕਾਈ ਗਈ।’’
ਉਨ੍ਹਾਂ ਦੋਸ਼ ਲਾਇਆ ਕਿ ਇਹ ਸਿਰਫ਼ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਪੂਰੀ ਚੋਣ ਪ੍ਰਕਿਰਿਆ ਪਹਿਲਾਂ ਤੋਂ ਮਿੱਥੀ ਗਈ ਸੀ। ਉਨ੍ਹਾਂ ਅਪਣੀ ਚਿੱਠੀ ’ਚ ਕਿਹਾ, ‘‘ਬਹੁਤ ਦੁਖ ਅਤੇ ਭਾਰੀ ਮਨ ਨਾਲ ਮੈਂ ਤੁਹਾਡੇ ਧਿਆਨ ’ਚ ਲਿਆਉਣਾ ਚਾਹੁੰਦਾਹਾਂ ਕਿ ਕੇਂਦਰੀ ਸੂਚਨਾ ਕਮਿਸ਼ਨਰ ਅਤੇ ਸੂਚਨਾ ਕਮਿਸ਼ਨਰਾਂ ਦੀ ਚੋਣ ਦੇ ਮਾਮਲੇ ’ਚ ਸਾਰੇ ਲੋਕਤੰਤਰੀ ਮਾਨਦੰਡਾਂ, ਪਰੰਪਰਾਵਾਂ ਅਤੇ ਪ੍ਰਕਿਰਿਆਵਾਂ ਦੀਆਂ ਧੱਜੀਆਂ ਉਡਾ ਦਿਤੀਆਂ ਗਈਆਂ।’’ ਚੌਧਰੀ ਨੇ ਕਿਹਾ ਕਿ ਸੂਚਨਾ ਦਾ ਅਧਿਕਾਰ ਐਕਅ, 2005 ਲੋਕਤਾਂਤਰਿਕ ਮਾਨਦੰਡਾਂ ਅਤੇ ਪਰੰਪਰਾਵਾਂ ਦੇ ਅਨੁਸਾਰ ਇਹ ਕਲਪਨਾ ਕਰਦਾ ਹੈ ਕਿ ਮੁੱਖ ਚੋਣ ਕਮਿਸ਼ਨਰ ਅਤੇ ਸੂਚਨਾ ਕਮਿਸ਼ਨਰਾਂ ਦੀ ਚੋਣ ਪ੍ਰਕਿਰਿਆ ’ਚ ਵਿਰੋਧੀ ਧਿਰ ਦੀ ਆਵਾਜ਼ ਵੀ ਸੁਣੀ ਜਾਵੇ।
(For more news apart from CIC election row, stay tuned to Rozana Spokesman).