
Rice of Punjab: ਚੌਲਾਂ ਦੇ ਨਮੂਨਿਆਂ ਨੂੰ ਦੱਸਿਆ ਗੈਰ ਮਿਆਰੀ
Karnataka rejected the rice of Punjab: ਪੰਜਾਬ ਵੱਲੋਂ ਕਰਨਾਟਕ ਨੂੰ ਭੇਜੇ ਚੌਲਾਂ ਦੇ ਨਮੂਨੇ ਫੇਲ੍ਹ ਹੋਣ ਮਗਰੋਂ ਸੂਬੇ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਦੋ ਹਫ਼ਤੇ ਪਹਿਲਾਂ ਅਰੁਣਾਚਲ ਪ੍ਰਦੇਸ਼ ਨੂੰ ਭੇਜੇ ਚੌਲਾਂ ਦੇ ਨਮੂਨੇ ਖ਼ਰਾਬ ਮਿਲੇ ਸਨ। ਕਰਨਾਟਕ ਨੂੰ ਭੇਜੇ ਚੌਲਾਂ ਦੇ ਨਮੂਨੇ ‘ਮਿਆਰ ਤੋਂ ਵੀ ਹੇਠਲੇ ਦਰਜੇ’ ਦੇ ਮਿਲੇ ਹਨ ਜੋ ਇਨਸਾਨਾਂ ਦੇ ਖਾਣ ਯੋਗ ਨਹੀਂ ਹਨ।
ਖਪਤਕਾਰ ਮਾਮਲਿਆਂ, ਭੋਜਨ ਅਤੇ ਜਨਤਕ ਵੰਡ ਮਤਰਾਲੇ ਵੱਲੋਂ ਭੇਜੀਆਂ ਗਈਆਂ ਟੀਮਾਂ ਨੇ ਹੁਬਲੀ (ਕਰਨਾਟਕ) ’ਚ ਭੰਡਾਰਨ ਡਿਪੂ ਅਤੇ ਰਾਸ਼ਨ ਦੀਆਂ ਦੁਕਾਨਾਂ ਤੋਂ ਫੋਰਟੀਫਾਈਡ ਚੌਲਾਂ (ਪੌਸ਼ਟਿਕ ਤੱਤਾਂ ਨਾਲ ਭਰਪੂਰ ਚੌਲ) ਦੇ 26 ਨਮੂਨੇ ਲਏ ਸਨ। ਇਨ੍ਹਾਂ ’ਚੋਂ ਚਾਰ ਸੈਂਪਲਾਂ ਨੂੰ ਮਿਆਰ ਤੋਂ ਹੇਠਲੇ ਦਰਜੇ ਦਾ ਐਲਾਨਿਆ ਗਿਆ ਹੈ। ਮੰਤਰਾਲੇ ਨੇ ਇਨ੍ਹਾਂ ਚੌਲਾਂ ਨੂੰ ਬਦਲਣ ਲਈ ਕਿਹਾ ਸੀ ਜਿਨ੍ਹਾਂ ਤੋਂ ਨਮੂਨੇ ਲਏ ਗਏ ਸਨ।
ਨਾਭਾ ਤੋਂ ਹੁਬਲੀ ਨੂੰ 7,304 (3,568.837 ਕੁਇੰਟਲ) ਜਦਕਿ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਤੋਂ 2,995 ਬੋਰੀਆਂ (1,484.929 ਕੁਇੰਟਲ) ਭੇਜੀਆਂ ਗਈਆਂ ਸਨ। ਪਟਿਆਲਾ ਅਤੇ ਜਲੰਧਰ ਡਿਵੀਜ਼ਨਾਂ ’ਚ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਚੌਲਾਂ ਨੂੰ ਬਦਲਣ ਲਈ ਕਿਹਾ ਗਿਆ ਹੈ। ਪੰਜਾਬ ’ਚ ਪੈਦਾ ਅਤੇ ਖ਼ਰੀਦੇ ਗਏ ਚੌਲਾਂ ਨੂੰ ਖਾਰਜ ਕੀਤੇ ਜਾਣ ਨਾਲ ਸੂਬੇ ’ਚ ਸ਼ੈਲਰਾਂ ਮਾਲਕਾਂ ਅਤੇ ਕਿਸਾਨਾਂ ਨੂੰ ਇਸ ਪਿੱਛੇ ਸਾਜ਼ਿਸ਼ ਨਜ਼ਰ ਆ ਰਹੀ ਹੈ।
ਐੱਫਸੀਆਈ ਪੰਜਾਬ ਦੇ ਖੇਤਰੀ ਜਨਰਲ ਮੈਨੇਜਰ ਬੀ. ਸ੍ਰੀਨਿਵਾਸਨ ਨੇ ਕਿਹਾ ਕਿ ਪੰਜਾਬ ’ਚ ਸਾਰੇ ਸਟਾਕ ਦੀ ਗੁਣਵੱਤਾ ਦੀ ਜਾਂਚ ਕਰਨ ਦੇ ਕੋਈ ਨਿਰਦੇਸ਼ ਨਹੀਂ ਮਿਲੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ’ਚੋਂ ਚੌਲਾਂ ਦੀ ਆਵਾਜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜਦੋਂ ਕਰਨਾਟਕ ਨੂੰ ਚੌਲ ਭੇਜੇ ਗਏ ਸਨ ਤਾਂ ਗੁਣਵੱਤਾ ’ਚ ਕੋਈ ਸਮੱਸਿਆ ਨਹੀਂ ਸੀ।