ਬੀਐਮਸੀ ਨੂੰ ਇਸ ਮੁੱਦੇ ਦਾ ਸਥਾਈ ਹੱਲ ਲੱਭਣ ਲਈ ਕਿਹਾ
ਮੁੰਬਈ - ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਬ੍ਰਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (ਬੀਐਮਸੀ) ਵੱਲੋਂ ਖੁੱਲ੍ਹੇ ਮੈਨਹੋਲਾਂ ਨੂੰ ਢਕਣ ਲਈ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਾ ਹੈ, ਪਰ ਜੇਕਰ ਇਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਬੀਐਮਸੀ ਜ਼ਿੰਮੇਵਾਰ ਹੋਵੇਗਾ।
ਚੀਫ਼ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਅਭੈ ਆਹੂਜਾ ਦੀ ਬੈਂਚ ਨੇ ਕਿਹਾ ਕਿ ਉਹ ਸ਼ਹਿਰ ਭਰ ਵਿੱਚ ਖੁੱਲ੍ਹੇ ਮੈਨਹੋਲਾਂ ਦੇ ਮੁੱਦੇ 'ਤੇ ਚਿੰਤਤ ਹੈ, ਅਤੇ ਬੀਐਮਸੀ ਨੂੰ ਇਸ ਮੁੱਦੇ ਦਾ ਸਥਾਈ ਹੱਲ ਲੱਭਣ ਲਈ ਕਿਹਾ।
ਬੈਂਚ ਮਹਾਰਾਸ਼ਟਰ ਦੀਆਂ ਸੜਕਾਂ 'ਤੇ ਟੋਇਆਂ ਅਤੇ ਖੁੱਲ੍ਹੇ ਮੈਨਹੋਲਾਂ ਦੀ ਵਧਦੀ ਗਿਣਤੀ 'ਤੇ ਚਿੰਤਾ ਜ਼ਾਹਿਰ ਕਰਨ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਕਰ ਰਿਹਾ ਸੀ।
ਬੀਐਮਸੀ ਦੇ ਵਕੀਲ ਅਨਿਲ ਸੁਖੋ ਨੇ ਬੁੱਧਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਬੀਐਮਸੀ ਖੁੱਲ੍ਹੇ ਮੈਨਹੋਲਾਂ ਦੇ ਮੁੱਦੇ ਨੂੰ ਜੰਗੀ ਪੱਧਰ ’ਤੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਅਜਿਹੇ ਸਾਰੇ ਖੁੱਲ੍ਹੇ ਮੈਨਹੋਲਾਂ ਨੂੰ ਬੰਦ ਕਰਨ ਦਾ ਕੰਮ ਚੱਲ ਰਿਹਾ ਹੈ।
ਬੈਂਚ ਨੇ ਕਿਹਾ ਕਿ ਬੀਐਮਸੀ ਦਾ ਕੰਮ ਸ਼ਲਾਘਾਯੋਗ ਹੈ, ਪਰ ਫਿਰ ਵੀ ਖੁੱਲ੍ਹੇ ਮੈਨਹੋਲ ਕਾਰਨ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਇਸ ਦੀ ਜ਼ਿੰਮੇਵਾਰੀ ਬੀਐਮਸੀ ਦੀ ਹੋਵੇਗੀ।
ਚੀਫ਼ ਜਸਟਿਸ ਦੱਤਾ ਨੇ ਕਿਹਾ, "ਇਹ ਚੰਗੀ ਗੱਲ ਹੈ ਕਿ ਤੁਸੀਂ (ਬੀਐਮਸੀ) ਇਸ 'ਤੇ ਕੰਮ ਕਰ ਰਹੇ ਹੋ, ਪਰ ਜੇਕਰ ਇਸ ਕਾਰਨ ਕੋਈ ਘਟਨਾ ਵਾਪਰਦੀ ਹੈ ਤਾਂ ਅਸੀਂ ਤੁਹਾਨੂੰ ਜ਼ਿੰਮੇਵਾਰ ਠਹਿਰਾਵਾਂਗੇ। ਅਸੀਂ ਬੀਐਮਸੀ ਦੀ ਸ਼ਲਾਘਾ ਕਰਦੇ ਹਾਂ ਪਰ ਜੇਕਰ ਕੋਈ ਖੁੱਲ੍ਹੇ ਮੈਨਹੋਲ ਵਿੱਚ ਡਿੱਗਦਾ ਹੈ ਤਾਂ ਕੀ ਹੋਵੇਗਾ।''
ਬੈਂਚ ਨੇ ਸੁਝਾਅ ਦਿੱਤਾ ਕਿ ਬੀਐਮਸੀ ਨੂੰ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ, ਅਤੇ ਅਜਿਹਾ ਕੁਝ ਤਿਆਰ ਕਰਨਾ ਚਾਹੀਦਾ ਹੈ ਜਿਸ ਨਾਲ ਮੈਨਹੋਲ ਦਾ ਢੱਕਣ ਹਟਦੇ ਹੀ ਸੰਬੰਧਿਤ ਅਧਿਕਾਰੀ ਨੂੰ ਸੂਚਨਾ ਮਿਲ ਜਾਵੇ।