
ਨਾਨਕ ਸਿੰਘ ਨੂੰ ਕੋਈ ਨਸ਼ੀਲੀ ਦਵਾਈ ਪਿਲਾ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸਦਾ ਕਤਲ ਕਰ ਦਿਤਾ।
ਗੁਰਦਾਸਪੁਰ (ਪਪ) : ਪੈਸਿਆਂ ਦੇ ਲਾਲਚ ’ਚ ਦੋਸਤਾਂ ਵਲੋਂ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵਲੋਂ ਇਸ ਮਾਮਲੇ ਵਿਚ ਦੋ ਨੌਜਵਾਨਾਂ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਬਟਾਲਾ ਹਸਪਤਾਲ ’ਚ ਕਰਵਾਇਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਮੁਲਜ਼ਮ ਨੌਜਵਾਨ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ।
ਇਹ ਸਨਸਨੀਖੇਜ਼ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰ ਦਾ ਹੈ, ਜਿਥੋਂ ਦੇ ਰਹਿਣ ਵਾਲੇ ਨਾਨਕ ਸਿੰਘ (19) ਜੋਕਿ ਪਿਛਲੇ ਕੁਝ ਮਹੀਨੇ ਤੋਂ ਮੁੰਬਈ ਨੇੜੇ ਕਿਸੇ ਕੰਪਨੀ ’ਚ ਕੰਮ ਕਰ ਰਿਹਾ ਸੀ ਅਤੇ ਜਦੋਂ ਬੀਤੇ ਕੱਲ ਇਹ ਨੌਜਵਾਨ ਪਿੰਡ ਵਾਪਸ ਪਹੁੰਚ ਰਿਹਾ ਸੀ ਤਾਂ ਅਜੇ ਉਹ ਘਰ ਨਹੀਂ ਪਹੁੰਚਿਆ ਸੀ ਕਿ ਰਸਤੇ ਵਿਚ ਉਸ ਨੂੰ ਉਸਦੇ ਦੋ ਦੋਸਤ ਮਿਲ ਗਏ ਜੋ ਉਸ ਨੂੰ ਆਪਣੇ ਨਾਲ ਲੈ ਗਏ, ਜਿਸ ਤੋਂ ਬਾਅਦ ਉਨ੍ਹਾਂ ਨਾਨਕ ਸਿੰਘ ਨੂੰ ਕੋਈ ਨਸ਼ੀਲੀ ਦਵਾਈ ਪਿਲਾ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸਦਾ ਕਤਲ ਕਰ ਦਿਤਾ।
ਉਥੇ ਹੀ ਮ੍ਰਿਤਕ ਨੌਜਵਾਨ ਦੇ ਜੀਜਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਨੇ ਇਹ ਕਤਲ ਕੀਤਾ ਹੈ, ਉਹ ਨਾਨਕ ਸਿੰਘ ਦੇ ਦੋਸਤ ਸਨ। ਉਨ੍ਹਾਂ ਦੱਸਿਆ ਕਿ ਨਾਨਕ ਸਿੰਘ ਦੇ ਕੋਲ ਲਗਭਗ 60 ਹਜ਼ਾਰ ਰੁਪਏ ਸਨ ਜਿਸ ਦੇ ਲਾਲਚ ’ਚ ਉਸਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਅਧਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਦੋ ਨੌਜਵਾਨਾਂ ਕਰਨ ਅਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਚੀਮਾ ਖੁੰਡੀ ਖ਼ਿਲਾਫ ਥਾਣਾ ਹਰਗੋਬਿੰਦਪੁਰ ’ਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਵੇਂ ਮੁਲਜ਼ਮ ਫਰਾਰ ਹਨ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।