ਉਹਨਾਂ ਕਿਹਾ ਕਿ ਰੌਲੇ-ਰੱਪੇ ਕਾਰਨ ਸਦਨ ਨਹੀਂ ਚੱਲਦਾ, ਨੁਕਸਾਨ ਹੁੰਦਾ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਜੀ-20 ਸਿਰਫ ਇਕ ਕੂਟਨੀਤਕ ਸਮਾਗਮ ਨਹੀਂ ਹੈ, ਸਗੋਂ ਇਹ ਦੁਨੀਆ ਨੂੰ ਭਾਰਤ ਦੀ ਸਮਰੱਥਾ ਦਿਖਾਉਣ ਦਾ ਮੌਕਾ ਹੈ। ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਪੀਐਮ ਮੋਦੀ ਨੇ ਕਿਹਾ ਕਿ "ਸਾਡੇ ਭਾਰਤ ਨੂੰ ਜੀ-20 ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਭਾਰਤ ਆਲਮੀ ਮੰਚ 'ਤੇ ਆਪਣੀ ਭਾਗੀਦਾਰੀ ਵਧਾ ਰਿਹਾ ਹੈ। ਅਜਿਹੇ ਸਮੇਂ 'ਚ ਭਾਰਤ ਲਈ ਇਸ ਦੀ ਮੇਜ਼ਬਾਨੀ ਕਰਨ ਦਾ, ਇਹ ਇਕ ਵਧੀਆ ਮੌਕਾ ਹੈ। ਜੀ-20 ਸੰਮੇਲਨ ਸਿਰਫ਼ ਇਕ ਕੂਟਨੀਤਕ ਸਮਾਗਮ ਨਹੀਂ ਹੈ, ਇਹ ਸਮੁੱਚੇ ਤੌਰ 'ਤੇ ਭਾਰਤ ਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਹੈ”।
ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਪਹਿਲਾਂ ਵੀ ਸਾਰੀਆਂ ਪਾਰਟੀਆਂ ਦੇ ਲੋਕਾਂ ਨਾਲ ਗੱਲਬਾਤ ਹੋਈ ਸੀ। ਸਦਨ ਤੋਂ ਵੀ ਇਹੀ ਆਵਾਜ਼ ਉਠਾਈ ਜਾਵੇਗੀ। ਦੇਸ਼ ਨੂੰ ਅੱਗੇ ਲਿਜਾਣ ਦਾ ਮੌਕਾ ਮਿਲੇਗਾ। ਮੈਨੂੰ ਯਕੀਨ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਚਰਚਾ ਨੂੰ ਅੱਗੇ ਲੈ ਕੇ ਜਾਣਗੀਆਂ। ਮੈਂ ਨੌਜਵਾਨ ਸੰਸਦ ਮੈਂਬਰਾਂ ਨੂੰ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਚਰਚਾ ਦੇ ਵੱਧ ਮੌਕੇ ਦਿੱਤੇ ਜਾਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਰੌਲੇ-ਰੱਪੇ ਕਾਰਨ ਸਦਨ ਨਹੀਂ ਚੱਲਦਾ, ਨੁਕਸਾਨ ਹੁੰਦਾ ਹੈ। ਸਦਨ ਨੂੰ ਚਲਾਉਣਾ ਬਹੁਤ ਜ਼ਰੂਰੀ ਹੈ। ਵਿਰੋਧੀ ਧਿਰ ਦਾ ਵੀ ਮੰਨਣਾ ਹੈ ਕਿ ਸਦਨ ਚੱਲਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਸਦਨ ਦੇ ਆਗੂ ਅਜਿਹੇ ਸੰਸਦ ਮੈਂਬਰਾਂ ਦੇ ਦਰਦ ਨੂੰ ਸਮਝਣਗੇ। ਮੈਂ ਸਾਰੀਆਂ ਪਾਰਟੀਆਂ ਅਤੇ ਸੰਸਦ ਮੈਂਬਰਾਂ ਨੂੰ ਸੈਸ਼ਨ ਦੀ ਉਤਪਾਦਕਤਾ ਵਧਾਉਣ ਦੀ ਅਪੀਲ ਕਰਦਾ ਹਾਂ।