
ਮੁੰਬਈ: ਬਾਂਦਰਾ-ਕੁਰਲਾ ਕੰਪਲੈਕਸ ਸਥਿਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਦਫ਼ਤਰ ਵਿਚ ਕੰਮ ਕਰ ਰਹੇ ਲਗਭਗ 68 ਕਰਮਚਾਰੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਕੇਂਦਰੀ ਏਜੰਸੀ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਉਹਨਾਂ ਕਿਹਾ ਕਿ ਸੀਬੀਆਈ ਨੇ ਬੀਐਮਸੀ ਨੂੰ ਬੀਕੇਸੀ ਦਫ਼ਤਰ ਵਿਚ ਕੰਮ ਕਰਦੇ 235 ਲੋਕਾਂ ਦੀ ਕੋਵਿਡ -19 ਜਾਂਚ ਕਰਨ ਲਈ ਕਿਹਾ ਸੀ। ਉਹਨਾਂ ਦੱਸਿਆ, "ਇਹਨਾਂ 235 ਵਿਚੋਂ 68 ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜਾਂਚ ਕਰਵਾਉਣ ਵਾਲਿਆਂ ਵਿਚ ਅਧਿਕਾਰੀ ਵੀ ਸ਼ਾਮਲ ਸਨ। ਸੰਕਰਮਿਤ ਲੋਕਾਂ ਨੂੰ ਘਰ ਵਿਚ ਹੀ ਕੁਆਰੰਟੀਨ ਰਹਿਣ ਲਈ ਕਿਹਾ ਗਿਆ ਹੈ”।
ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਦੌਰਾਨ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿਚ 1 ਲੱਖ 41 ਹਜ਼ਾਰ 983 ਨਵੇਂ ਮਾਮਲਿਆਂ ਦੀ ਪਛਾਣ ਹੋਈ ਹੈ। 40,816 ਮਰੀਜ਼ ਠੀਕ ਹੋ ਗਏ ਹਨ ਅਤੇ 285 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ ਯਾਨੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 4 ਲੱਖ 66 ਹਜ਼ਾਰ 311 ਹੋ ਗਈ ਹੈ।