
ਇਸੇ ਲਈ ਕੋਰੋਨਾ ਅਪਣਾ ਰੂਪ ਬਦਲ ਕੇ, ਵਾਰ ਵਾਰ ਆ ਰਿਹਾ ਹੈ
ਕੁੱਝ ਮਹੀਨਿਆਂ ਦੀ ਰਾਹਤ ਮਗਰੋਂ ਕੋਰੋਨਾ ਫਿਰ ਬੜੀ ਤੇਜ਼ ਰਫ਼ਤਾਰੀ ਨਾਲ ਸਾਡੇ ਉਤੇ ਸਵਾਰੀ ਕਰਨ ਵਿਚ ਕਾਮਯਾਬ ਹੋ ਗਿਆ ਲਗਦਾ ਹੈ। ਤਕਰੀਬਨ ਦੋ ਸਾਲ ਬਾਅਦ ਬੱਚਿਆਂ ਨੇ ਸਕੂਲ ਜਾ ਕੇ ਵਿਦਿਆਰਥੀ ਜੀਵਨ ਦਾ ਸਵਾਦ ਚਖਣਾ ਸ਼ੁਰੂ ਕੀਤਾ ਹੀ ਸੀ ਕਿ ਉਹ ਫਿਰ ਤੋਂ ਅੰਦਰ ਡੱਕੇ ਗਏ ਹਨ। ਆਰਥਕਤਾ ਰਾਹਤ ਦੇ ਸਾਹ ਲੈਂਦੀ ਲੈਂਦੀ ਫਿਰ ਹੌਕੇ ਭਰਨ ਲੱਗ ਪਈ ਹੈ। ਜਿਸ ਰਫ਼ਤਾਰ ਨਾਲ ਅੱਜ ਕੋਰੋਨਾ ਦਾ ਨਵਾਂ ਰੂਪ ਓਮੀਕਰੋਨ ਫੈਲ ਰਿਹਾ ਹੈ, ਇਸ ਬਾਰੇ ਅੰਦਾਜ਼ਾ ਵੀ ਸੀ ਪਰ ਸਰਕਾਰ ਇਕ-ਇਕ ਦਿਨ ਕਰ ਕੇ ਟਾਲਦੀ ਆ ਰਹੀ ਸੀ।
Corona Virus
ਇਸ ਨਵੇਂ ਕੋਰੋਨਾ ਰੂਪ ਬਾਰੇ ਅੱਜ ਇਹ ਪਤਾ ਲੱਗ ਗਿਆ ਹੈ ਕਿ ਇਹ ਜ਼ਿਆਦਾ ਘਾਤਕ ਨਹੀਂ ਅਤੇ ਇਸ ਦੀ ਲਾਗ ਵਾਲੇ ਤਕਰੀਬਨ 80-85 ਫ਼ੀ ਸਦੀ ਲੋਕਾਂ ’ਚ ਬੀਮਾਰੀ ਦੇ ਕੋਈ ਲੱਛਣ ਹੀ ਨਹੀਂ ਦਿਸ ਰਹੇ ਤੇ ਬਹੁਤ ਘੱਟ ਮਰੀਜ਼ਾਂ ਨੂੰ ਹਸਪਲਾਤ ਵਿਚ ਦਾਖ਼ਲ ਹੋਣ ਦੀ ਜ਼ਰੂਰਤ ਪੈ ਰਹੀ ਹੈ। ਪਰ ਨਾਲ-ਨਾਲ ਡਬਲਯੂ.ਐਚ.ਓ ਦੀਆਂ ਚਿਤਾਵਨੀਆਂ ਵੀ ਆ ਰਹੀਆਂ ਹਨ ਕਿ ਓਮੀਕਰੋਨ ਕੇਵਲ ਉਨ੍ਹਾਂ ਵਾਸਤੇ ਘਾਤਕ ਨਹੀਂ ਹੈ ਜਿਨ੍ਹਾਂ ਨੂੰ ਦੋ ਟੀਕੇ ਲੱਗੇ ਹੋਏ ਹਨ। ਇਹੀ ਸੋਚ ਕੇ ਡਬਲਯੂ.ਐਚ.ਓ ਨੇ 70 ਫ਼ੀ ਸਦੀ ਲੋਕਾਂ ਲਈ ਜੁਲਾਈ ਤੋਂ ਪਹਿਲਾਂ ਸਾਰੇ ਦੇਸ਼ਾਂ ਨੂੰ ਟੀਕਾਕਰਨ ਨਾਲ ਸੁਰੱਖਿਅਤ ਕਰਨ ਦਾ ਟੀਚਾ ਰਖਿਆ ਸੀ।
Corona Virus
ਪਰ ਕਿਉਂਕਿ ਅਮੀਰ ਦੇਸ਼ਾਂ ਨੇ ਅਪਣੇ ਨਾਗਰਿਕਾਂ ਵਾਸਤੇ ਤੀਜੀ ਤੇ ਚੌਥੀ ਬੂਸਟਰ ਡੋੋਜ਼ ਵੀ ਖ਼ਰੀਦ ਕੇ ਰੱਖ ਲਈ ਹੈ, ਸਾਰੀ ਦੁਨੀਆਂ ਵਿਚ ਟੀਕਾਕਰਨ ਨਹੀਂ ਹੋ ਸਕਿਆ ਜਿਸ ਕਾਰਨ ਕੋਰੋਨਾ ਕਿਤੇ ਤੀਜੀ ਤੇ ਕਿਤੇ ਪੰਜਵੀਂ ਲਹਿਰ ਬਣ ਕੇ ਵਾਰ ਕਰ ਰਿਹਾ ਹੈ। ਅਮਰੀਕਾ ਵਿਚ ਅਜੇ ਸਿਰਫ਼ 32 ਫ਼ੀ ਸਦੀ ਲੋਕਾਂ ਨੂੰ ਇਕ ਟੀਕਾ ਲਗਿਆ ਹੈ ਤੇ ਅਮਰੀਕਾ ਵਰਗੇ ਦੇਸ਼ ਅਪਣੇ ਬਜ਼ੁਰਗਾਂ ਵਾਸਤੇ ਤੀਜੀ ਡੋਜ਼ ਦੇ ਰਹੇ ਹਨ। ਇਸ ਦੇਸ਼ ਵਿਚ ਚੌਥਾ ਟੀਕਾ ਲੈਣ ਦੀ ਤਿਆਰੀ ਹੋ ਰਹੀ ਹੈ। ਪਰ ਨਾਰਵੇ ਵਿਚ ਤੀਜੇ ਤੇ ਚੌਥੇ ਟੀਕੇ ਨੂੰ ਰੋਕਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਸਰੀਰ ਦੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਘੱਟ ਰਹੀ ਹੈ।
Corona Virus
ਕਈ ਡਾਕਟਰ ਦੋ ਟੀਕਿਆਂ ਦੇ ਬਾਅਦ ਆ ਰਹੇ ਓਮੀਕਰੋਨ ਨੂੰ ਕੁਦਰਤੀ ਟੀਕਾਕਰਨ ਮੰਨ ਰਹੇ ਹਨ ਜਿਸ ਬਾਰੇ ਪੂਰਨ ਸੱਚ ਤਕ ਡਾਕਟਰ ਅਜੇ ਤਕ ਵੀ ਅੱਪੜ ਨਹੀਂ ਸਕੇ। ਜਾਪਾਨ ਵਿਚ ਟੀਕਾਕਰਨ ਨੂੰ ਲੋਕਾਂ ਦੀ ਅਪਣੀ ਚੋਣ ’ਤੇ ਛੱਡ ਦਿਤਾ ਗਿਆ ਹੈ ਕਿਉਂਕਿ ਕਈਆਂ ਨੂੰ ਇਸ ਨਾਲ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਪਰ ਕਈ ਦੇਸ਼ਾਂ ਵਿਚ ਟੀਕਾ ਨਾ ਲਗਵਾਉਣ ਤੇ ਜੁਰਮਾਨਾ ਵੀ ਲੱਗ ਰਿਹਾ ਹੈ। ਕੋਵਿਡ ਸਾਨੂੰ ਇਹ ਵਿਖਾ ਕੇ ਗਿਆ ਸੀ ਕਿ ਅਸੀਂ ਹੁਣ ਸਾਰੇ ਹੀ ਇਕ ਦੁਨੀਆਂ ਦੇ ਵਾਰਸ ਹਾਂ ਤੇ ਹੁਣ ਦੁਨੀਆਂ ਜਿਸ ਤਰ੍ਹਾਂ ਇਕ ਦੂਜੇ ਨਾਲ ਜੁੜੀ ਹੋਈ ਹੈ, ਇਸ ਨੂੰ ਧਰਤੀ ਵੀ ਇਕੱਠੇ ਹੋ ਕੇ ਹੀ ਸੰਭਾਲਣੀ ਪਵੇਗੀ। ਪਰ ਜਿਵੇਂ ਹੀ ਸੰਕਟ ਟਲਿਆ, ਸਾਰੇ ਦੇਸ਼ ਫਿਰ ਅਪਣੀਆਂ ਨਕਲੀ ਸਰਹੱਦਾਂ ਵਿਚ ਅਪਣੇ ਆਪ ਦੀ ਕਿਲ੍ਹੇਬੰਦੀ ਕਰਨ ਲੱਗ ਪਏ।
ਜਦ ਦਸੰਬਰ ਵਿਚ ਧਰਤੀ ਤੇ ਵਧਦੇ ਪਰਦੂਸ਼ਣ ਕਾਰਨ ਬਦਲੇ ਮੌਸਮ ਨੂੰ ਲੈ ਕੇ ਇਕੱਠੇ ਹੋਣ ਦੀ ਗੱਲ ਸਾਹਮਣੇ ਆਈ ਤਾਂ ਅਮੀਰ ਦੇਸ਼ ਫਿਰ ਪਿੱਛੇ ਹਟ ਗਏ। ਸ਼ਾਇਦ ਅਮੀਰ ਤੇ ਤਾਕਤਵਰ ਬਣਦੇ ਹੀ ਲੋਕ ਗ਼ਰੀਬ ਦੀ ਅਸਲੀਅਤ ਪ੍ਰਤੀ ਬੇਗਾਨੇ ਬਣ ਜਾਂਦੇ ਹਨ ਤੇ ਅਪਣੇ ਮਨ ’ਚੋਂ ਹਮਦਰਦੀ ਦਾ ਜਜ਼ਬਾ ਕੱਢ ਕੇ ਬਾਹਰ ਸੁਟ ਦਿੰਦੇ ਹਨ। ਸ਼ਾਇਦ ਕੈਂਸਰ ਤੋਂ ਵੀ ਵੱਡੀ ਬੀਮਾਰੀ, ਸਾਥੀ ਮਨੁੱਖਾਂ ਪ੍ਰਤੀ ਲਾਪ੍ਰਵਾਹੀ ਦੀ ਹੈ। ਅਮੀਰ ਦੇਸ਼ ਜੇ ਇਹ ਸਮਝਦੇ ਕਿ ਗ਼ਰੀਬ ਦੇਸ਼ਾਂ ਵਿਚ ਵੈਕਸੀਨ ਭਿਜਵਾਉਣ ਨਾਲ ਸੱਭ ਦੇ ਭਲੇ ਦੇ ਨਾਲ ਨਾਲ ਉਨ੍ਹਾਂ ਦਾ ਵੀ ਭਲਾ ਹੋਵੇਗਾ ਤਾਂ ਸ਼ਾਇਦ ਉਹ ਅਪਣੇ ਵਾਸਤੇ ਵੈਕਸੀਨ ਸਟੋਰ ਕਰ ਕੇ ਨਾ ਰਖਦੇ। ਇਥੇ ਪ੍ਰਧਾਨ ਮੰਤਰੀ ਮੋਦੀ ਦੀ ਸਿਫ਼ਤ ਕਰਨੀ ਬਣਦੀ ਹੈ ਜਿਨ੍ਹਾਂ ਗ਼ਰੀਬ, ਲੋੜਵੰਦ ਗਵਾਂਢੀ ਦੇਸ਼ਾਂ ਵਾਸਤੇ ਵੈਕਸੀਨ ਭੇਜ ਕੇ ਉਨ੍ਹਾਂ ਦਾ ਖ਼ਿਆਲ ਰਖਿਆ। ਇਹ ਜੋ ਅੱਜ ਦਾ ਮਨੁੱਖ ਕੁਦਰਤ ਨਾਲ ਲੜ ਰਿਹਾ ਹੈ, ਉਸ ਦੀ ਲੜਾਈ ਵਿਚੋਂ ਬੜੇ ਸਾਰੇ ਸੰਦੇਸ਼ ਲੱਭੇ ਜਾ ਸਕਦੇ ਹਨ। ਸਮਝ ਗਏ ਤਾਂ ਸ਼ਾਇਦ ਅਸੀਂ ਸਾਰੇ ਹੀ ਇਕ ਸੁਖੀ ਕਲ ਨੂੰ ਵੇਖ ਸਕਾਂਗੇ।
-ਨਿਮਰਤ ਕੌਰ