
ਰਾਸ਼ਟਰਪਤੀ ਦੇ ਭਾਸ਼ਣ 'ਤੇ ਚਰਚਾ 'ਚ ਦਿਤਾ ਦਖ਼ਲ......
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਤੋਂ ਬਾਅਦ ਕਾਂਗਰਸ ਦੀ ਸਰਕਾਰ ਨੇ 55 ਸਾਲ ਦੇ ਕਾਰਜਾਂ ਦੀ ਤੁਲਨਾ ਅਪਣੀ ਸਰਕਾਰ ਦੇ 55 ਮਹੀਨਿਆਂ ਦੇ ਕੰਮਕਾਜ ਨਾਲ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਵਾਲੇ ਸਾਲ ਸੱਤਾਭੋਗ ਵਾਲੇ ਸਨ ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਸੇਵਾਭਾਵ ਵਾਲੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਪਛਾਣ ਪਾਰਦਰਸ਼ਤਾ, ਈਮਾਨਦਾਰੀ ਅਤੇ ਭ੍ਰਿਸ਼ਟਾਚਾਰ 'ਤੇ ਕਾਰਵਾਈ ਕਰਨ, ਜਨਤਾ ਲਈ ਤੇਜ਼ ਗਤੀ ਨਾਲ ਕੰਮ ਕਰਨ ਦੇ ਰੂਪ 'ਚ ਬਣੀ ਹੈ।
ਮੋਦੀ ਨੇ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਚਰਚਾ 'ਚ ਦਖ਼ਲਅੰਦਾਜ਼ੀ ਕਰਦਿਆਂ ਕਾਂਗਰਸ 'ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਤੁਸੀਂ ਏਨੀ ਤਿਆਰੀ ਕਰੋ ਕਿ 2023 'ਚ ਮੁੜ ਬੇਭਰੋਸਗੀ ਮਤਾ ਲਿਆਉਣਾ ਪਵੇ। ਉਨ੍ਹਾਂ ਕਿਹਾ, ''ਸਾਡੇ ਕੋਲ ਸਮਰਪਣ ਹੈ ਇਸੇ ਲਈ ਅਸੀ 2 ਸੀਟਾਂ ਤੋਂ ਇਥੇ ਤਕ ਪੁੱਜੇ ਹਾਂ ਅਤੇ ਹੰਕਾਰ ਕਰ ਕੇ ਤੁਸੀਂ (ਕਾਂਗਰਸ) 44 ਰਹਿ ਗਏ।'' ਮੋਦੀ ਨੇ ਸਰਕਾਰ ਵਿਰੁਧ ਲਾਏ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਚੋਣ ਵਰ੍ਹਾ ਹੈ,
ਇਸ ਲਈ ਹਰ ਕਿਸੇ ਨੂੰ ਕੁੱਝ ਨਾ ਕੁੱਝ ਬੋਲਣ ਦੀ ਮਜਬੂਰੀ ਵੀ ਹੈ। ਉਨ੍ਹਾਂ ਕਿਹਾ, ''ਇਹ ਸਹੀ ਹੈ ਕਿ ਇੱਥੋਂ ਸਾਨੂੰ ਜਨਤਾ ਵਿਚਕਾਰ ਜਾ ਕੇ ਅਪਣੇ ਕੰਮ ਦਾ ਹਿਸਾਬ ਦੇਣਾ ਹੁੰਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਚੋਣ ਮੈਦਾਨ 'ਚ ਸਿਹਤਮੰਦ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।'' ਉਨ੍ਹਾਂ ਸਰਕਾਰ ਦੀ ਆਲੋਚਨਾ ਦਾ ਸਵਾਗਤ ਕਰਦਿਆਂ ਕਿਹਾ, ''ਮੋਦੀ ਅਤੇ ਭਾਜਪਾ ਦੀ ਆਲੋਚਨਾ ਕਰਨਾ ਠੀਕ ਹੈ ਪਰ ਅਜਿਹਾ ਕਰਦੇ ਸਮੇਂ ਦੇਸ਼ ਦੀ ਬੁਰਾਈ ਕਰਨਾ ਠੀਕ ਨਹੀਂ। ਸਾਨੂੰ ਇਹ ਸੋਚਣਾ ਹੋਵਗਾ ਕਿ ਲੰਦਨ 'ਚ ਪ੍ਰੈੱਸ ਕਾਨਫ਼ਰੰਸ ਕਰ ਕੇ ਝੂਠ ਬੋਲਣਾ ਕਿੰਨਾ ਚੰਗਾ ਹੈ।''
ਵਿਰੋਧੀ ਪਾਰਟੀਆਂ ਦੇ ਮਹਾਂਗਠਜੋੜ ਦੀ ਪਹਿਲ 'ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ ਕਿ 2014 'ਚ 30 ਸਾਲ ਬਾਅਦ ਪੂਰਨ ਬਹੁਮਤ ਵਾਲੀ ਸਰਕਾਰ ਚੁਣੀ ਗਈ। ਉਨ੍ਹਾਂ ਵਿਰੋਧੀ ਧਿਰ ਦੇ ਗਠਜੋੜ ਵਲ ਇਸ਼ਾਰਾ ਕਰਦਿਆਂ ਕਿਹਾ, ''ਹੁਣ ਤਾਂ ਮਹਾਂ ਮਿਲਾਵਟ ਆਉਣ ਵਾਲੀ ਹੈ।'' ਉਨ੍ਹਾਂ ਕਿਹਾ ਕਿ ਦੇਸ਼ ਨੇ ਇਹ ਮਹਾਂਮਿਲਾਵਟ 30 ਸਾਲ ਵੇਖੀ ਹੈ। ਸਿਹਤਮੰਦ ਸਮਾਜ ਮਹਾਂਮਿਲਾਵਟ ਤੋਂ ਦੌਰ ਰਹਿੰਦਾ ਹੈ ਅਤੇ ਮਜ਼ਬੂਤ ਲੋਕਤੰਤਰ 'ਚ ਭਰੋਸਾ ਕਰਦਾ ਹੈ। (ਪੀਟੀਆਈ)