
ਕੇਂਦਰੀ ਮੰਤਰੀ ਅਤੇ ਸਾਬਕਾ ਸੈਨਾ ਮੁਖੀ ਵੀ ਕੇ ਸਿੰਘ ਨੇ ਵੀਰਵਾਰ ਨੂੰ 2012 ਵਿਚ ਯੂਪੀਏ ਦੋ ਦੇ ਕਾਰਜਕਾਲ ਦੌਰਾਨ ਕਥਿਤ ਤੌਰ 'ਤੇ ਤਖ਼ਤਾਪਲਟ ਦੇ ਯਤਨ ਦੀਆਂ ਝੂਠੀਆਂ ਖ਼ਬਰਾਂ..
ਨਵੀਂ ਦਿੱਲੀ : ਕੇਂਦਰੀ ਮੰਤਰੀ ਅਤੇ ਸਾਬਕਾ ਸੈਨਾ ਮੁਖੀ ਵੀ ਕੇ ਸਿੰਘ ਨੇ ਵੀਰਵਾਰ ਨੂੰ 2012 ਵਿਚ ਯੂਪੀਏ ਦੋ ਦੇ ਕਾਰਜਕਾਲ ਦੌਰਾਨ ਕਥਿਤ ਤੌਰ 'ਤੇ ਤਖ਼ਤਾਪਲਟ ਦੇ ਯਤਨ ਦੀਆਂ ਝੂਠੀਆਂ ਖ਼ਬਰਾਂ ਛਪਵਾਉਣ ਦੇ ਕਥਿਤ ਮਾਮਲੇ ਵਿਚ ਪ੍ਰਧਾਨ ਮੰਤਰੀ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਵਿਦੇਸ਼ ਰਾਜ ਮੰਤਰੀ ਨੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ, ਭਾਰਤੀ ਸੈਨਾ ਦੇਸ਼ ਨਾਲ ਪਿਆਰ ਕਰਦੀ ਹੈ ਅਤੇ ਕਦੀ ਵੀ ਉਸ ਦੇ ਖ਼ਿਲਾਫ਼ ਨਹੀਂ ਜਾ ਸਕਦੀ।'' ਸਿੰਘ ਦੀ ਪ੍ਰਤਿਕਿਆ ਉਸ ਹਾਲੀਆ ਮੀਡੀਆ ਰਿਪੋਰਟ ਤੋਂ ਬਾਅਦ ਆਈ
VK Singh
ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਯੂਪੀਏ-2 ਦੇ ਕਾਰਜਕਾਲ ਦੌਰਾਨ ਕੁਝ ਨੇਤਾਵਾਂ ਨੇ ਇਕ ਝੂਠੀ ਕਹਾਣੀ ਬਣਾਈ ਕਿ 201-12 ਵਿਚ ਸੈਨਾ ਤਤਕਾਲੀ ਮਨਮੋਹਨ ਸਿੰਘ ਸਰਕਾਰ ਦਾ ਤਖ਼ਤਾਪਲਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਵਕਤ ਸੈਨਾ ਮੁਖੀ ਵੀ ਕੇ ਸਿੰਘ ਹੀ ਸਨ। ਆਪਣੇ ਘਰ ਵਿਖੇ ਇਕ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਦੀ ਜਾਂਚ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਕ ਚਿੱਠੀ ਲਿਖੀ ਹੈ ਜਿਸ ਵਿਚ ਯੂਪੀਏ-2 ਦੇ ਕਥਿਤਾ ਪ੍ਰਮੁਖ ਨੇਤਾਵਾਂ ਦੇ ਨਾਮ ਸਾਹਮਣੇ ਆ ਸਕਣ।
ਉਨ੍ਹਾਂ ਕਿਹਾ,''ਮੈ ਕੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਜਿਸ ਵਿਚ ਉਨਾ ਲੋਕਾਂ ਦਾ ਪਰਦਾਫ਼ਾਸ਼ ਹੋਵੇ ਜਿਨ੍ਹਾਂ ਨੇ ਦੇਸ਼ ਦੇ ਖ਼ਿਲਾਫ਼ ਦੇਸ਼ਧਰੋਹ ਕੀਤਾ ਸੀ।''ਸਿੰਘ ਨੇ ਕਿਹਾ ਕਿ ਉਨਾਂ ਨੇ 2012 ਵਿਚ ਵੀ ਮਾਮਲਾ ਚੁਕਿਆ ਸੀ ਜਦੋਂ ਉਨ੍ਹਾਂ ਨੇ 'ਤਖ਼ਤਾਪਲਟ' ਨੂੰ ਲੈ ਕੇ ਸਵਾਲਾਂ ਬਾਰੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਸੀ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਜਿਹੜੇ ਲੋਕਾਂ ਨੇ ਅਜਿਹੀ ਅਫ਼ਵਾਹ ਫ਼ੈਲਾਈ ਹੈ ਉਨਾ 'ਤੇ ਦੇਸ਼ਧਰੋਹ ਦਾ ਦੋਸ਼ ਲਗਣਾ ਚਾਹੀਦਾ ਹੈ। ਉਨ੍ਹਾਂ ਕਿਹਾ,
''ਉਸ ਸਮੇ (2012 'ਚ), ਮੈ ਸਪੱਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਭਾਰਤੀ ਸੈਨਾ ਕਦੀ ਵੀ ਕੋਈ ਅਸੰਵਿਧਾਨਕ ਕੰਮ ਨਹੀਂ ਕਰੇਗੀ। ਤਤਕਾਲੀ ਰੱਖਿਆ ਮੰਤਰੀ (ਏ ਕੇ ਐਂਟਨੀ) ਨੇ ਵੀ ਅਜਿਹੇ ਹੀ ਵਿਚਾਰ ਪ੍ਰਗਟ ਕੀਤੇ ਸਨ।'' ਉਨ੍ਹਾਂ ਕਿਹਾ, ''ਤੁਸੀ ਸਸ਼ਤਰ ਬਲਾਂ 'ਤੇ ਇਸ ਤਰ੍ਹਾਂ ਦੇ ਦੋਸ਼ ਨਹੀਂ ਲਗਾ ਸਕਦੇ। ਮੈ 2012 ਵਿਚ ਗ੍ਰਹਿ ਮੰਤਰਾਲੇ ਨੂੰ ਲਿਖਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਹੋਣ ਇਹ ਖ਼ੁਲਾਸਾ ਹੋਇਆ ਹੈ।'' (ਪੀਟੀਆਈ)