
ਇਕ ਦਿਨ ਵਿਚ 773 ਨਵੇਂ ਮਾਮਲੇ, 33 ਮੌਤਾਂ
ਨਵੀਂ ਦਿੱਲੀ, 8 ਅਪ੍ਰੈਲ: ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਬੁਧਵਾਰ ਨੂੰ ਵੱਧ ਕੇ 5274 ਹੋ ਗਏ ਜਦਕਿ ਮੌਤਾਂ ਦਾ ਅੰਕੜਾ 149 'ਤੇ ਪਹੁੰਚ ਗਿਆ ਹੈ।
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਮੰਗਲਵਾਰ ਨੂੰ ਕੋਰੋਨਾ ਵਾਇਰਸ ਲਾਗ ਦੇ 773 ਮਾਮਲੇ ਸਾਹਮਣੇ ਆਏ ਅਤੇ ਇਸ ਦੌਰਾਨ 33 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਦਸਿਆ ਕਿ ਹੁਣ ਤਕ 411 ਵਿਅਕਤੀ ਇਸ ਬੀਮਾਰੀ ਤੋਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿਤੀ ਗਈ ਹੈ।
ਅਗਰਵਾਲ ਨੇ ਲਾਗ ਦੀ ਗਤੀ ਨੂੰ ਰੋਕਣ ਲਈ ਲਾਗੂ ਲਾਕਡਾਊਨ ਨੂੰ ਅਸਰਦਾਰ ਦਸਦਿਆਂ ਕਿਹਾ ਕਿ ਲਾਗ ਨੂੰ ਫੈਲਣ ਤੋਂ ਰੋਕਣ ਲÂਂੀ ਕੌਮੀ ਪੱਧਰ 'ਤੇ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਤਾਲਮੇਲ ਨਾਲ ਸਥਾਨਕ ਲੋਕਾਂ ਨੂੰ ਇਸ ਬੀਮਾਰੀ ਬਾਰੇ ਜਾਗਰੂਕ ਕਰਨ ਅਤੇ ਇਲਾਜ ਦੇ ਤਰੀਕਿਆਂ ਨੂੰ ਅਸਰਦਾਰ ਬਣਾਉਣ 'ਤੇ ਜ਼ੋਰ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਨੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਤਹਿਤ ਐਨਸੀਸੀ ਅਤੇ ਐਨਐਸਐਸ ਸਣੇ ਹੋਰ ਸਮਾਜਕ ਜਥੇਬੰਦੀਆਂ ਤੇ ਸਮਾਜ ਸੇਵੀਆਂ ਨੂੰ ਕੋਰੋਨਾ ਵਾਇਰਸ ਨੂੰ ਰੋਕਣ ਅਤੇ ਇਲਾਜ ਤਰੀਕਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਖਲਾਈ ਦਿਤੀ ਜਾਵੇਗੀ।
ਮੁੰਬਈ 'ਚ ਡਾਕਟਰ ਇਕ ਔਰਤ ਦੀ ਕੋਰੋਨਾ ਵਾਇਰਸ ਬਾਰੇ ਜਾਂਚ ਲਈ ਨਮੂਨਾ ਭਰਦੇ ਹੋਏ। ਪੀਟੀਆਈ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁਲ ਕੇਸ 5274, ਮੌਤਾਂ 149
411 ਠੀਕ ਹੋਏ, ਹਸਪਤਾਲਾਂ ਤੋਂ ਛੁੱਟੀ ਮਿਲੀ
ਉਨ੍ਹਾਂ ਦਸਿਆ ਕਿ ਲਾਗ ਦੇ ਦਾਇਰੇ ਵਿਚ ਆਏ ਲੋਕਾਂ ਦੇ ਫ਼ੌਰੀ ਇਲਾਜ ਲਈ ਐਲਾਨੀ ਤਿੰਨ ਮੈਂਬਰੀ ਕਾਰਜਯੋਜਨਾ ਬਾਰੇ ਵੀ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਸ਼ੁਰੂ ਕਰ ਦਿਤਾ ਗਿਆ ਹੈ। ਪੱਤਰਕਾਰ ਸੰਮੇਲਨ ਵਿਚ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਣਯ ਸਲਿਲਾ ਸ੍ਰੀਵਾਸਤਵ ਨੇ ਦਸਿਆ ਕਿ ਮੰਤਰਾਲੇ ਨੇ ਲਾਕਡਾਊਨ ਦੌਰਾਨ ਜ਼ਰੂਰੀ ਚੀਜ਼ਾਂ ਦੀ ਜਮ੍ਹਾਂਖ਼ੋਰੀ ਅਤੇ ਕਾਲਾਬਾਜ਼ਾਰੀ ਨੂੰ ਵੇਖਦਿਆਂ ਸਾਰੀਆਂ ਰਾਜ ਸਰਕਾਰਾਂ ਨੂੰ ਇਸ ਦਿਸ਼ਾ ਵਿਚ ਫ਼ੌਰੀ ਕਾਰਵਾਈ ਕਰਨ ਦੇ ਹੁਕਮ ਦਿਤੇ ਹਨ। ਪੱਤਰਕਾਰ ਸੰਮੇਲਨ ਵਿਚ ਆਈਸੀਐਮਆਰ ਦੇ ਵਿਗਿਆਨੀ ਰਮਨ ਆਰ ਗੰਗਾਖੇੜਕਰ ਨੇ ਦਸਿਆ ਕਿ ਦੇਸ਼ ਵਿਚ ਹੁਣ ਤਕ ਕੋਰੋਨਾ ਲਾਗ ਦੀ ਜਾਂਚ ਲਈ 121271 ਟੈਸਟ ਹੋ ਚੁੱਕੇ ਹਨ। ਇਨ੍ਹਾਂ ਵਿਚ ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ 13345 ਟੈਸਟ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਆਈਸੀਐਮਆਰ ਦੀਆਂ ਲੈਬਾਂ ਦੀ ਗਿਣਤੀ ਵੱਧ ਕੇ 139 ਹੋ ਗਈ ਹੈ ਜਦਕਿ ਨਿਜੀ ਖੇਤਰ ਦੀਆਂ 65 ਲੈਬਾਂ ਨੂੰ ਵੀ ਟੈਸਟ ਕਰਨ ਦੀ ਪ੍ਰਵਾਨਗੀ ਦਿਤੀ ਗਈ ਹੈ। (ਏਜੰਸੀ)