
ਵੱਡੀ ਆਬਾਦੀ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦੇਣ ਤੋਂ ਬਾਅਦ ਕੋਰੋਨਾ ਵਿਰੁੱਧ ਜਾਰੀ ਜੰਗ ਵਿਚਾਲੇ ਕੇਂਦਰ ਨੇ ਬੂਸਟਰ ਡੋਜ਼ ਨੂੰ ਲੈ ਕੇ ਐਲਾਨ ਕੀਤਾ ਹੈ।
ਨਵੀਂ ਦਿੱਲੀ: ਦੇਸ਼ ਦੀ ਵੱਡੀ ਆਬਾਦੀ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦੇਣ ਤੋਂ ਬਾਅਦ ਕੋਰੋਨਾ ਵਿਰੁੱਧ ਜਾਰੀ ਜੰਗ ਵਿਚਾਲੇ ਕੇਂਦਰ ਨੇ ਬੂਸਟਰ ਡੋਜ਼ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ 10 ਅਪ੍ਰੈਲ ਤੋਂ ਪ੍ਰਾਈਵੇਟ ਟੀਕਾਕਰਨ ਕੇਂਦਰਾਂ 'ਤੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਡੋਜ਼ ਉਪਲਬਧ ਹੋਵੇਗੀ।
ਇਹ ਸਪੱਸ਼ਟ ਹੈ ਕਿ 10 ਅਪ੍ਰੈਲ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਬਾਲਗ ਨਿੱਜੀ ਟੀਕਾਕਰਨ ਕੇਂਦਰਾਂ 'ਤੇ ਬੂਸਟਰ ਡੋਜ਼ ਲੈ ਸਕਦੇ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਜਿਨ੍ਹਾਂ ਦੀ ਉਮਰ 18 ਸਾਲ ਹੈ ਅਤੇ ਉਹ ਦੂਜੀ ਖ਼ੁਰਾਕ ਲੈਣ ਦੇ 9 ਮਹੀਨੇ ਪੂਰੇ ਕਰ ਚੁੱਕੇ ਹਨ, ਉਹ ਨਿੱਜੀ ਟੀਕਾਕਰਨ ਕੇਂਦਰਾਂ 'ਤੇ ਸਾਵਧਾਨੀ ਦੀ ਖ਼ੁਰਾਕ ਲਈ ਯੋਗ ਹੋਣਗੇ।
ਸਿਹਤ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰੀ ਟੀਕਾਕਰਨ ਕੇਂਦਰਾਂ 'ਤੇ ਪਹਿਲੀ ਅਤੇ ਦੂਜੀ ਖੁਰਾਕ ਲਈ ਮੁਫ਼ਤ ਟੀਕਾਕਰਨ ਪ੍ਰੋਗਰਾਮ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਇਸ ਦੇ ਨਾਲ ਹੀ ਸਿਹਤ ਕਰਮਚਾਰੀਆਂ, ਫਰੰਟਲਾਈਨ ਵਰਕਰਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਵੀ ਬੂਸਟਰ ਡੋਜ਼ ਜਾਰੀ ਰਹੇਗੀ ਅਤੇ ਇਸ ਦੀ ਰਫਤਾਰ ਵਧਾਈ ਜਾਵੇਗੀ।
ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੀ 15 ਸਾਲ ਤੋਂ ਵੱਧ ਉਮਰ ਦੀ 96 ਫੀਸਦੀ ਆਬਾਦੀ ਨੂੰ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਗਈ ਹੈ, ਜਦਕਿ 15 ਸਾਲ ਤੋਂ ਵੱਧ ਦੀ ਆਬਾਦੀ ਵਿਚੋਂ 83 ਫੀਸਦੀ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ।