ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵਲੋਂ ਜਾਰੀ ਕੀਤੇ ਅੰਕੜਿਆਂ 'ਚ ਹੋਇਆ ਖ਼ੁਲਾਸਾ
ਗੁਜਰਾਤ : ਗੁਜਰਾਤ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜੇਕਰ ਸਰਕਾਰੀ ਅੰਕੜਿਆਂ ਦੀ ਮੰਨੀਏ ਤਾਂ ਗੁਜਰਾਤ ਵਿਚ ਪੰਜ ਸਾਲਾਂ ਦੌਰਾਨ 40,000 ਤੋਂ ਵੱਧ ਔਰਤਾਂ ਲਾਪਤਾ ਹੋਈਆਂ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੇ ਅੰਕੜਿਆਂ ਅਨੁਸਾਰ ਸਾਲ 2016 ਵਿਚ 7,105 ਔਰਤਾਂ, ਸਾਲ 2017 ਵਿਚ 7,712, ਸਾਲ 2018 ਵਿਚ 9,246 , ਸਾਲ 2019 ਵਿਚ 9,268 ਅਤੇ ਸਾਲ 2020 ਵਿਚ, 8,290 ਔਰਤਾਂ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ। ਪੰਜ ਸਾਲਾਂ ਵਿਚ ਇਨ੍ਹਾਂ ਦੀ ਕੁੱਲ ਗਿਣਤੀ 41,621 ਹੋ ਗਈ ਹੈ।
2021 ਵਿਚ ਗੁਜਰਾਤ ਵਿਧਾਨ ਸਭਾ ਵਿਚ ਸੂਬੇ ਦੀ ਭਾਜਪਾ ਸਰਕਾਰ ਵਲੋਂ ਦਿਤੇ ਗਏ ਇਕ ਬਿਆਨ ਦੇ ਅਨੁਸਾਰ, ਅਹਿਮਦਾਬਾਦ ਅਤੇ ਵਡੋਦਰਾ ਵਿਚ ਸਿਰਫ਼ ਇਕ ਸਾਲ (2019-20) ਵਿਚ 4,722 ਔਰਤਾਂ ਲਾਪਤਾ ਹੋ ਗਈਆਂ ਸਨ। ਦੱਸ ਦੇਈਏ ਕਿ ਗੁਜਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਗ੍ਰਹਿ ਰਾਜ ਹੋਣ ਕਾਰਨ ਇਹ ਖ਼ਬਰ ਬਹੁਤ ਵੱਡੀ ਮੰਨੀ ਜਾ ਰਹੀ ਹੈ, ਜਿਥੇ ਪਿਛਲੇ 25 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ।
ਇਕ ਮੀਡੀਆ ਰਿਪੋਰਟ ਅਨੁਸਾਰ, ਇਕ ਸਾਬਕਾ ਆਈ.ਪੀ.ਐਸ. ਅਧਿਕਾਰੀ ਅਤੇ ਗੁਜਰਾਤ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸੁਧੀਰ ਸਿਨਹਾ ਨੇ ਕਿਹਾ, "ਲਾਪਤਾ ਹੋਣ ਦੇ ਕੁੱਝ ਮਾਮਲਿਆਂ ਵਿਚ, ਮੈਂ ਦੇਖਿਆ ਹੈ ਕਿ ਕੁੜੀਆਂ ਅਤੇ ਔਰਤਾਂ ਨੂੰ ਕਈ ਵਾਰ ਗੁਜਰਾਤ ਤੋਂ ਇਲਾਵਾ ਹੋਰ ਸੂਬਿਆਂ ਵਿਚ ਭੇਜਿਆ ਜਾਂਦਾ ਹੈ ਅਤੇ ਵੇਸਵਾਪੁਣੇ ਲਈ ਮਜਬੂਰ ਕੀਤਾ ਗਿਆ।"
ਇਹ ਵੀ ਪੜ੍ਹੋ: ਮਾਣ ਵਾਲੀ ਗੱਲ : ਆਸਟ੍ਰੇਲੀਆ ਦੀ ਕ੍ਰਿਕਟ ਟੀਮ 'ਚ ਸ਼ਾਮਲ ਹੋਏ ਦੋ ਪੰਜਾਬੀ ਸਿੱਖ
ਉਨ੍ਹਾਂ ਕਿਹਾ, "ਪੁਲਿਸ ਸਿਸਟਮ ਦੀ ਸਮੱਸਿਆ ਇਹ ਹੈ ਕਿ ਇਹ ਗੁੰਮਸ਼ੁਦਗੀ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਅਜਿਹੇ ਮਾਮਲੇ ਕਤਲ ਤੋਂ ਵੀ ਜ਼ਿਆਦਾ ਗੰਭੀਰ ਹੁੰਦੇ ਹਨ। ਸਾਲਾਂ ਬੱਧੀ ਇੰਤਜ਼ਾਰ ਕਰੀਏ ਅਤੇ ਗੁੰਮਸ਼ੁਦਾ ਕੇਸ ਦੀ ਜਾਂਚ ਵੀ ਕਤਲ ਕੇਸ ਵਾਂਗ ਹੀ ਸਖ਼ਤੀ ਨਾਲ ਹੋਣੀ ਚਾਹੀਦੀ ਹੈ।" ਸਿਨਹਾ ਨੇ ਕਿਹਾ, "ਗੁੰਮਸ਼ੁਦਾ ਵਿਅਕਤੀਆਂ ਦੇ ਕੇਸਾਂ ਨੂੰ ਪੁਲਿਸ ਦੁਆਰਾ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਜਾਂਚ ਬ੍ਰਿਟਿਸ਼ ਯੁੱਗ ਦੇ ਤਰੀਕੇ ਨਾਲ ਕੀਤੀ ਜਾਂਦੀ ਹੈ।''
ਸਾਬਕਾ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਡਾ. ਰਾਜਨ ਪ੍ਰਿਯਾਦਰਸ਼ੀ ਨੇ ਕਿਹਾ ਕਿ ਲੜਕੀਆਂ ਦੇ ਲਾਪਤਾ ਹੋਣ ਲਈ ਮਨੁੱਖੀ ਤਸਕਰੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ, "ਮੇਰੇ ਕਾਰਜਕਾਲ ਦੌਰਾਨ, ਮੈਂ ਦੇਖਿਆ ਕਿ ਜ਼ਿਆਦਾਤਰ ਲਾਪਤਾ ਔਰਤਾਂ ਨੂੰ ਗ਼ੈਰ-ਕਾਨੂੰਨੀ ਮਨੁੱਖੀ ਤਸਕਰੀ ਵਿਚ ਲੱਗੇ ਗਿਰੋਹ ਚੁੱਕ ਲੈਂਦੇ ਹਨ, ਜੋ ਉਨ੍ਹਾਂ ਨੂੰ ਦੂਜੇ ਸੂਬਿਆਂ ਵਿਚ ਲੈ ਜਾਂਦੇ ਹਨ ਅਤੇ ਵੇਚਦੇ ਹਨ।"
ਡਾ: ਰਾਜਨ ਪ੍ਰਿਯਦਰਸ਼ੀ ਨੇ ਕਿਹਾ, “ਜਦੋਂ ਮੈਂ ਖੇੜਾ ਜ਼ਿਲ੍ਹੇ ਵਿਚ ਪੁਲਿਸ ਸੁਪਰਡੈਂਟ (ਐਸ.ਪੀ.) ਸੀ ਤਾਂ ਉੱਤਰ ਪ੍ਰਦੇਸ਼ ਦਾ ਇਕ ਵਿਅਕਤੀ ਜੋ ਜ਼ਿਲ੍ਹੇ ਵਿਚ ਮਜ਼ਦੂਰੀ ਕਰਦਾ ਸੀ, ਇੱਕ ਗ਼ਰੀਬ ਲੜਕੀ ਨੂੰ ਚੁੱਕ ਕੇ ਅਪਣੇ ਮੂਲ ਸੂਬੇ ਵਿਚ ਲਿਜਾ ਕੇ ਵੇਚ ਦਿੱਤਾ। ਅਸੀਂ ਉਸ ਨੂੰ ਛੁਡਾਉਣ ਵਿਚ ਕਾਮਯਾਬ ਰਹੇ, ਪਰ ਕਈ ਮਾਮਲਿਆਂ ਵਿਚ ਅਜਿਹਾ ਨਹੀਂ ਹੁੰਦਾ।
ਗੁਜਰਾਤ ਕਾਂਗਰਸ ਦੇ ਬੁਲਾਰੇ ਹਿਰੇਨ ਬੈਂਕਰ ਨੇ ਕਿਹਾ, "ਭਾਜਪਾ ਨੇਤਾ ਕੇਰਲ ਵਿਚ ਔਰਤਾਂ ਦੀ ਗੱਲ ਕਰਦੇ ਹਨ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਗ੍ਰਹਿ ਰਾਜ ਗੁਜਰਾਤ ਵਿਚ 40,000 ਤੋਂ ਵੱਧ ਔਰਤਾਂ ਲਾਪਤਾ ਹਨ।"