ਸਿੱਖ ਨੌਜਵਾਨ ਹਰਜਸ ਸਿੰਘ ਅਤੇ ਹਰਕੀਰਤ ਸਿੰਘ ਨੇ ਬਣਾਈ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ 'ਚ ਥਾਂ
ਆਸਟ੍ਰੇਲੀਆ : ਕ੍ਰਿਕਟ ਇਕ ਅਜਿਹੀ ਖੇਡ ਹੈ ਜੋ ਹਜ਼ਾਰਾਂ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ। ਹਰ ਸਾਲ, ਕਿਸੇ ਖ਼ਾਸ ਟੀਮ ਜਾਂ ਖਿਡਾਰੀ ਦੇ ਪ੍ਰਸ਼ੰਸਕ ਵਜੋਂ, ਕੁਝ ਯਾਦਗਾਰੀ ਜਿੱਤਾਂ ਅਤੇ ਕੁਝ ਯਾਦਗਾਰੀ ਹਾਰਾਂ ਦਾ ਗਵਾਹ ਹੁੰਦਾ ਹੈ। ਖੇਡ ਦੌਰਾਨ ਕਈ ਖ਼ੁਸ਼ੀ ਅਤੇ ਗ਼ਮੀ ਦੇ ਦੇ ਪਲ ਵੀ ਹੁੰਦੇ ਹਨ ਜੋ ਦਹਾਕਿਆਂ ਤਕ ਯਾਦ ਰਹਿ ਜਾਂਦੇ ਹਨ। ਅਜਿਹੀ ਹੀ ਪ੍ਰੇਰਨਾਦਾਇਕ ਕਹਾਣੀ ਸਿੱਖ ਨੌਜਵਾਨ ਹਰਜਸ ਸਿੰਘ ਅਤੇ ਹਰਕੀਰਤ ਸਿੰਘ ਦੀ ਹੈ।
ਸਿੱਖ ਪਿਛੋਕੜ ਵਾਲੇ ਹਰਜਸ ਸਿੰਘ ਲਈ ਆਸਟ੍ਰੇਲੀਆ ਦੀ ਅੰਡਰ-19 ਪੁਰਸ਼ ਟੀਮ ਵਿਚ ਜਗ੍ਹਾ ਬਣਾਉਣਾ ਆਸਾਨ ਨਹੀਂ ਸੀ ਪਰ ਇਹ ਨੌਜਵਾਨ ਕਈ ਪੰਜਾਬੀਆਂ ਅਤੇ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ। ਹੋਰ ਭਾਰਤੀਆਂ ਵਾਂਗ ਹਰਜਸ ਸਿੰਘ ਨੂੰ ਵੀ ਕ੍ਰਿਕਟ ਪ੍ਰਤੀ ਬਚਪਨ ਤੋਂ ਹੀ ਪਿਆਰ ਸੀ। ਹਰਜਸ ਨੇ 7 ਸਾਲ ਦੀ ਉਮਰ 'ਚ ਲੱਕੜ ਦੇ ਫਟੇ ਨੂੰ ਬੈਟ ਬਣਾ ਤੇ ਟੈਨਿਸ ਦੀ ਬਾਲ ਨੂੰ ਚਮੜੇ ਦੀ ਬਾਲ ਦੀ ਥਾਂ ਵਰਤ ਕੇ ਖੇਡ ਦੀ ਸ਼ੁਰੂਆਤ ਕੀਤੀ।
ਇਸੇ ਤਰ੍ਹਾਂ ਹੀ ਹਰਕੀਰਤ ਸਿੰਘ ਬਾਜਵਾ, ਜੋ ਕਿ 2012 ਵਿਚ ਅਪਣੇ ਪ੍ਰਵਾਰ ਸਮੇਤ ਮੁਹਾਲੀ ਤੋਂ ਆਸਟ੍ਰੇਲੀਆ ਆਇਆ ਸੀ, ਨੇ ਵੀ ਆਸਟ੍ਰੇਲੀਆ ਅੰਡਰ-19 ਕ੍ਰਿਕਟ ਟੀਮ ਵਿਚ ਜਗ੍ਹਾ ਬਣਾਈ ਹੈ। ਸੱਤ ਸਾਲ ਦੀ ਉਮਰ ਤੋਂ ਹੀ ਹਰਕੀਰਤ ਮੋਹਾਲੀ ਵਿਚ ਗਲੀ 'ਚ ਕ੍ਰਿਕਟ ਖੇਡਦਾ ਸੀ ਪਰ ਜਦੋਂ ਉਹ ਆਸਟ੍ਰੇਲੀਆ ਆਇਆ, ਤਾਂ ਅਪਣੇ ਕ੍ਰਿਕਟ ਦੇ ਹੁਨਰ ਨੂੰ ਨਿਖਾਰਨ ਲਈ ਉਹ ਚੈਲਸੀ ਕ੍ਰਿਕਟ ਕਲੱਬ ਨਾਲ ਜੁੜ ਗਿਆ।
ਇਹ ਵੀ ਪੜ੍ਹੋ: ਦਿੱਲੀ ਆਬਕਾਰੀ ਨੀਤੀ ਸਬੰਧੀ ਮਨੀ ਲਾਂਡਰਿੰਗ ਮਾਮਲਾ : 23 ਮਈ ਤਕ ਵਧਾਈ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ
ਹਰਕੀਰਤ ਸਿੰਘ ਨੇ ਦਸਿਆ ਕਿ ਉਸ ਦੇ ਪਿਤਾ ਕੈਬ ਡਰਾਈਵਰ ਹਨ ਅਤੇ ਇਸ ਦੇ ਨਾਲ ਹੀ ਸਮੇਂ-ਸਮੇਂ 'ਤੇ ਉਸ ਨੂੰ ਅਭਿਆਸ ਸੈਸ਼ਨਾਂ 'ਤੇ ਲੈ ਕੇ ਜਾਂਦੇ ਸਨ। ਹਰਕੀਰਤ ਦਾ ਕਹਿਣਾ ਹੈ ਕਿ ਉਸ ਦੇ ਮਾਪਿਆਂ ਦਾ ਸ਼ੁਰੂ ਤੋਂ ਹੀ ਉਸ ਨਾਲ ਸਮਰਥਨ ਰਿਹਾ ਹੈ ਅਤੇ ਇਸ ਮੁਕਾਮ ਤਕ ਪਹੁੰਚਣ ਲਈ ਉਨ੍ਹਾਂ ਦਾ ਧਨਵਾਦੀ ਹੈ।
ਜੇਕਰ ਹਰਜਸ ਦੀ ਗੱਲ ਕਰੀਏ ਤਾਂ, ਪਹਿਲਾਂ ਪਹਿਲ ਸ਼ੌਕ ਵਜੋਂ ਖੇਡਦੇ ਪੁੱਤ ਦੇ ਹੁਨਰ ਅਤੇ ਖੇਡ ਪ੍ਰਤੀ ਉਸ ਦੀ ਲਗਨ ਦੇਖ ਕੇ ਮਾਪਿਆਂ ਨੇ ਉਸ ਨੂੰ ਪ੍ਰੋਫ਼ੈਸ਼ਨਲ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿਤੀ ਤੇ ਬਹੁਤ ਸਾਲਾਂ ਬਾਅਦ ਆਖ਼ਰਕਾਰ ਹਰਜਸ ਨੂੰ ਸਖ਼ਤ ਮਿਹਨਤ ਦਾ ਫ਼ਲ ਮਿਲਿਆ ਹੈ। 8 ਸਾਲ ਦੀ ਉਮਰ 'ਚ ਹਰਜਸ ਸਿੰਘ ਨੇ ਆਸਟ੍ਰੇਲੀਆ ਦੇ ਲੋਕਲ ਦੇਵੈਸਬੀ ਵਰਕਰਜ਼ ਕ੍ਰਿਕਟ ਕਲੱਬ 'ਚ ਬਦਲਵੇਂ ਖਿਡਾਰੀ ਵਜੋਂ ਖੇਡ ਦੀ ਸ਼ੁਰੂਆਤ ਕੀਤੀ। ਉਦੋਂ ਤੋਂ ਹੀ ਇਸ ਖੱਬੇ ਹੱਥ ਦੇ ਬੈਟਸਮੈਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਮੇਂ ਦੇ ਨਾਲ-ਨਾਲ ਹਰਜਸ ਸਿੰਘ ਦੀ ਖੇਡ ਹੋਰ ਮਜ਼ਬੂਤ ਹੁੰਦੀ ਗਈ ਤੇ ਉਸ ਨੂੰ ਕਈ ਕਲੱਬਾਂ ਵਲੋਂ ਚੁਣਿਆ ਗਿਆ। ਉਸ ਦੀ ਖੇਡ ਤੋਂ ਖ਼ੁਸ਼ ਹੋਏ ਨੀਲ ਡੀਕੋਸਟਾ ਨੇ ਉਸ ਨੂੰ ਪ੍ਰੋਫ਼ੈਸ਼ਨਲ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿਤੀ। ਖੇਡ ਨੂੰ ਸੁਧਾਰਨ ਦੇ ਨਾਲ-ਨਾਲ ਹਰਜਸ ਨੂੰ ਅਪਣੀ ਸਰੀਰਕ ਬਣਤਰ 'ਤੇ ਵੀ ਕਾਫੀ ਕੰਮ ਕਰਨਾ ਪਿਆ।
ਹਰਜਸ ਆਪਣੀ ਗੇਮ ਬਾਰੇ ਕਹਿੰਦਾ ਹੈ ਕਿ ਖੇਡਦਿਆਂ ਹੋਇਆ ਜਿਹੜੇ ਵੀ ਮੌਕੇ ਮਿਲੇ, ਉਨ੍ਹਾਂ ਨੇ ਬਹੁਤ ਕੁੱਝ ਸਿਖਾਇਆ ਤੇ ਖ਼ਾਸ ਕਰ ਕੇ ਸੀਨੀਅਰਾਂ ਤੋਂ ਬਹੁਤ ਕੁੱਝ ਸਿਖਿਆ। ਹਰਜਸ ਸਿੰਘ ਇਹ ਵੀ ਕਹਿੰਦਾ ਹੈ ਕਿ ਉਸ ਨੂੰ ਉਸ ਦੀ ਵੱਖਰੀ ਪਛਾਣ ਹੋਣ ਕਰ ਕੇ ਖੇਡ ਮੈਦਾਨ ਵਿਚ ਬਾਕੀ ਖਿਡਾਰੀਆਂ ਨਾਲੋਂ ਜ਼ਿਆਦਾ ਮਿਹਨਤ ਕਰਨੀ ਪਈ ਹੈ ਤੇ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਉਹ ਅਕਸਰ ਕਹਿੰਦਾ ਹੈ ਕਿ ਜੇ ਤੁਸੀਂ ਦੂਜਿਆਂ ਨਾਲੋਂ ਵੱਖਰੇ ਦਿਖਾਈ ਦਿੰਦੇ ਹੋ ਤਾਂ ਤੁਹਾਨੂੰ ਕਰਨਾ ਵੀ ਕੁੱਝ ਵੱਖਰਾ ਹੀ ਪੈਂਦਾ ਹੈ ਤਾਂ ਜੋ ਤੁਹਾਡੀ ਪਛਾਣ ਤੇ ਤੁਹਾਡੀ ਜਗ੍ਹਾ ਮੈਦਾਨ 'ਚ ਪੱਕੀ ਹੋ ਸਕੇ। ਹਰਜਸ ਅਪਣੀ ਸਫ਼ਲਤਾ ਦਾ ਸਿਹਰਾ ਅਪਣੇ ਮਾਪਿਆਂ ਨੂੰ ਦਿੰਦਾ ਹੈ ਕਿਉਂਕਿ ਕ੍ਰਿਕਟ ਦੇ ਇਸ ਸਫ਼ਰ ਦੌਰਾਨ ਉਹ ਹਮੇਸ਼ਾ ਉਸ ਦੇ ਨਾਲ ਰਹੇ ਹਨ।