
ਅਗਲੇ ਮਹੀਨੇ ਤਕ ਆਖ਼ਰੀ ਫੈਸਲਾ ਲਿਆ ਜਾਵੇਗਾ : ਮੇਘਾਲਿਆ ਦੇ ਉਪ ਮੁੱਖ ਮੰਤਰੀ ਟਿਨਸੋਂਗ
ਸ਼ਿਲਾਂਗ: ਮੇਘਾਲਿਆ ਦੇ ਉਪ ਮੁੱਖ ਮੰਤਰੀ ਪ੍ਰੈਸਟੋਨ ਟਿਨਸੋਂਗ ਨੇ ਕਿਹਾ ਹੈ ਕਿ ਪੰਜਾਬੀ ਲੇਨ ਇਲਾਕੇ ਦੇ ਵਸਨੀਕਾਂ ਨੇ ਕਿਸੇ ਹੋਰ ਪੱਕੀ ਥਾਂ ’ਤੇ ਰਹਿਣ ਦਾ ਫੈਸਲਾ ਕਰ ਲਿਆ ਹੈ ਅਤੇ ਅਗਲੇ ਮਹੀਨੇ ਤਕ ਆਖ਼ਰੀ ਫੈਸਲਾ ਲਿਆ ਜਾਵੇਗਾ।
ਇਸ ਵਿਸ਼ੇ ’ਤੇ ਸੂਬਾ ਸਰਕਾਰ ਵਲੋਂ ਗਠਿਤ ਉੱਚ ਪੱਧਰੀ ਕਮੇਟੀ ਦੇ ਚੇਅਰਮੈਨ ਤਿਨਸੋਂਗ ਨੇ ਹਰੀਜਨ ਪੰਚਾਇਤ ਸੰਮਤੀ ਦੇ ਮੈਂਬਰਾਂ ਅਤੇ ਉਪ ਮੁੱਖ ਮੰਤਰੀ ਸਨੀਆਭਾਲੰਗ ਧਰ ਨਾਲ ਮੁਲਾਕਾਤ ਕੀਤੀ। ਧਰ ਸ਼ਹਿਰੀ ਵਿਕਾਸ ਵਿਭਾਗ ਦੇ ਕੰਮਕਾਜ ਦੀ ਦੇਖਭਾਲ ਵੀ ਕਰਦੇ ਹਨ।
ਟਿਨਸੋਂਗ ਨੇ ਮੰਗਲਵਾਰ ਨੂੰ ਕਿਹਾ, ‘‘ਅਸੀਂ ਮੀਟਿੰਗ ’ਚ ਪੂਰੀ ਤਰ੍ਹਾਂ ਦੂਜੀ ਥਾਂ ਵਸਣ ਯਾਨੀ ਪੱਕੇ ਤੌਰ ’ਤੇ ਕਿਤੇ ਹੋਰ ਵਸਣ ਦਾ ਫੈਸਲਾ ਕੀਤਾ ਹੈ।’’
ਉਨ੍ਹਾਂ ਦਸਿਆ ਕਿ 342 ਪਰਵਾਰਾਂ ਨੂੰ ਥੇਮ ਲਿਯੂ ਮਾਵਲੋਂਗ ਤੋਂ ਕਿਸੇ ਹੋਰ ਪਛਾਣੇ ਗਏ ਸਥਾਨ ’ਤੇ ਵਸਾਉਣ ਲਈ ਚਲ ਰਹੀ ਗੱਲਬਾਤ ਨੂੰ ਲੈ ਕੇ ਹਰੀਜਨ ਪੰਚਾਇਤ ਸੰਮਤੀ ਨਾਲ ਮੀਟਿੰਗ ਤੋਂ ਇਹ ਫ਼ੈਸਲਾ ਕੀਤਾ ਗਿਆ ਹੈ।
ਟਿਨਸੋਂਗ ਨੇ ਕਿਹਾ ਕਿ ਇਹ ਇਕ ਸਫਲ ਮੀਟਿੰਗ ਸੀ ਅਤੇ ਕਮੇਟੀ ਦੇ ਨੁਮਾਇੰਦਿਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਅੰਤਿਮ ਫੈਸਲੇ ’ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਥੇਮ ਮਿਯੂ ਮਾਵਲੋਂਗ ਦੇ ਵਸਨੀਕਾਂ ਨਾਲ ਇਕ ਹੋਰ ਮੀਟਿੰਗ ਦੀ ਇਜਾਜ਼ਤ ਦਿਤੀ ਜਾਵੇ।