ਈਦ-ਉਲ-ਫਿਤਰ ਦੇ ਉਲਟ, ਬਕਰੀਦ ਦਾ ਤਿਉਹਾਰ ਚੰਦਰਮਾ ਵੇਖਣ ਦੇ 10ਵੇਂ ਦਿਨ ਮਨਾਇਆ ਜਾਂਦਾ ਹੈ
ਨਵੀਂ ਦਿੱਲੀ: ਈਦ-ਉਲ-ਅਜ਼ਹਾ ਦਾ ਤਿਉਹਾਰ 17 ਜੂਨ ਨੂੰ ਦਿੱਲੀ ਸਮੇਤ ਦੇਸ਼ ਭਰ ’ਚ ਮਨਾਇਆ ਜਾਵੇਗਾ। ਵੱਖ-ਵੱਖ ਮੁਸਲਿਮ ਧਾਰਮਕ ਆਗੂਆਂ ਨੇ ਇਹ ਜਾਣਕਾਰੀ ਦਿਤੀ। ਚਾਂਦਨੀ ਚੌਕ ਸਥਿਤ ਫਤਿਹਪੁਰੀ ਮਸਜਿਦ ਦੇ ਸ਼ਾਹੀ ਇਮਾਮ ਮੁਫਤੀ ਮੁਕਰਮ ਅਹਿਮਦ ਨੇ ਸਨਿਚਰਵਾਰ ਨੂੰ ਦਸਿਆ ਕਿ ਸ਼ੁਕਰਵਾਰ ਸ਼ਾਮ ਨੂੰ ਦਿੱਲੀ ’ਚ ਬੱਦਲ ਛਾਏ ਰਹਿਣ ਕਾਰਨ ਚੰਦਰਮਾ ਨਹੀਂ ਵੇਖਿਆ ਜਾ ਸਕਿਆ ਪਰ ਦੇਰ ਰਾਤ ਗੁਜਰਾਤ ਦੇ ਹੈਦਰਾਬਾਦ, ਤਾਮਿਲਨਾਡੂ ਦੇ ਤੇਲੰਗਾਨਾ ਅਤੇ ਚੇਨਈ ਤੋਂ ਇਸਲਾਮਿਕ ਕੈਲੰਡਰ ਦੇ ਆਖਰੀ ਮਹੀਨੇ ‘ਜ਼ੁਲ ਹਿੱਜਾ’ ਦੇ ਚੰਨ ਦੀ ਪੁਸ਼ਟੀ ਹੋਈ। ਇਸ ਲਈ ਈਦ-ਉਲ-ਅਜ਼ਹਾ ਦਾ ਤਿਉਹਾਰ 17 ਜੂਨ ਨੂੰ ਮਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਈਦ-ਉਲ-ਫਿਤਰ ਦੇ ਉਲਟ, ਬਕਰੀਦ ਦਾ ਤਿਉਹਾਰ ਚੰਦਰਮਾ ਵੇਖਣ ਦੇ 10ਵੇਂ ਦਿਨ ਮਨਾਇਆ ਜਾਂਦਾ ਹੈ, ਇਸ ਲਈ ਤੁਰਤ ਐਲਾਨ ਕਰਨ ਅਤੇ ਵੱਖ-ਵੱਖ ਥਾਵਾਂ ਤੋਂ ਚੰਦਰਮਾ ਵੇਖਣ ਦੀ ਪੁਸ਼ਟੀ ਦੀ ਉਡੀਕ ਕਰਨ ਦੀ ਕੋਈ ਲੋੜ ਨਹੀਂ ਹੈ। ਇਸਲਾਮਿਕ ਕੈਲੰਡਰ ’ਚ 29 ਜਾਂ 30 ਦਿਨ ਹੁੰਦੇ ਹਨ, ਜੋ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਚੰਦਰਮਾ ਕਦੋਂ ਵਿਖਾਈ ਦਿੰਦਾ ਹੈ। ਈਦ-ਉਲ-ਜ਼ੁਹਾ ਜਾਂ ਅਜ਼ਹਾ ਜਾਂ ਬਕਰੀਦ ਈਦ-ਉਲ-ਫਿਤਰ ਤੋਂ ਦੋ ਮਹੀਨੇ ਅਤੇ ਨੌਂ ਦਿਨ ਬਾਅਦ ਮਨਾਈ ਜਾਂਦੀ ਹੈ।
ਇਸਲਾਮਿਕ ਮਾਨਤਾ ਅਨੁਸਾਰ ਪੈਗੰਬਰ ਇਬਰਾਹਿਮ ਇਸ ਦਿਨ ਅੱਲ੍ਹਾ ਦੇ ਹੁਕਮ ’ਤੇ ਅਪਣੇ ਪੁੱਤਰ ਇਸਮਾਈਲ ਨੂੰ ਅੱਲ੍ਹਾ ਦੇ ਰਾਹ ’ਚ ਕੁਰਬਾਨ ਕਰਨ ਜਾ ਰਹੇ ਸਨ ਤਾਂ ਅੱਲ੍ਹਾ ਨੇ ਉਨ੍ਹਾਂ ਦੇ ਬੇਟੇ ਨੂੰ ਜਾਨ ਦਿਤੀ ਅਤੇ ਉਥੇ ਇਕ ਜਾਨਵਰ ਦੀ ਬਲੀ ਦਿਤੀ ਗਈ, ਜਿਸ ਦੀ ਯਾਦ ’ਚ ਇਹ ਤਿਉਹਾਰ ਮਨਾਇਆ ਜਾਂਦਾ ਹੈ।
ਤਿੰਨ ਦਿਨਾਂ ਦੇ ਇਸ ਤਿਉਹਾਰ ਦੌਰਾਨ ਮੁਸਲਿਮ ਭਾਈਚਾਰੇ ਦੇ ਮੈਂਬਰ ਅਪਣੀ ਸਮਰੱਥਾ ਅਨੁਸਾਰ ਉਨ੍ਹਾਂ ਜਾਨਵਰਾਂ ਦੀ ਕੁਰਬਾਨੀ ਦਿੰਦੇ ਹਨ ਜਿਨ੍ਹਾਂ ’ਤੇ ਭਾਰਤੀ ਕਾਨੂੰਨਾਂ ਤਹਿਤ ਪਾਬੰਦੀ ਨਹੀਂ ਹੈ। ਮੁਫਤੀ ਮੁਕਰਮ ਨੇ ਕਿਹਾ, ‘‘ਮੁਸਲਿਮ ਭਾਈਚਾਰੇ ਦੇ ਲੋਕ ਜਿਨ੍ਹਾਂ ਕੋਲ ਲਗਭਗ 613 ਗ੍ਰਾਮ ਚਾਂਦੀ ਜਾਂ ਇਸ ਦੇ ਬਰਾਬਰ ਜਾਂ ਕੋਈ ਹੋਰ ਸਮਾਨ ਹੈ, ਉਹ ਕੁਰਬਾਨੀ ਦੇ ਯੋਗ ਹਨ।’’