NTA ਨੇ ਕਿਸੇ ਵੀ ਬੇਨਿਯਤੀ ਤੋਂ ਇਨਕਾਰ ਕੀਤਾ, ਜਾਂਚ ਲਈ ਬਣਾਈ ਕਮੇਟੀ
ਨਵੀਂ ਦਿੱਲੀ: ਸਿੱਖਿਆ ਮੰਤਰਾਲੇ ਨੇ ਨੀਟ-ਯੂ.ਜੀ. ਮੈਡੀਕਲ ਦਾਖਲਾ ਇਮਤਿਹਾਨ ’ਚ ਗ੍ਰੇਸ ਅੰਕ ਹਾਸਲ ਕਰਨ ਵਾਲੇ 1,500 ਤੋਂ ਵੱਧ ਉਮੀਦਵਾਰਾਂ ਦੇ ਨਤੀਜਿਆਂ ਦੀ ਮੁੜ ਜਾਂਚ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਦੋਸ਼ ਹੈ ਕਿ ਉਮੀਦਵਾਰਾਂ ਦੇ ਅੰਕ ਵਧਾਏ ਗਏ ਹਨ, ਜਿਸ ਕਾਰਨ 67 ਉਮੀਦਵਾਰਾਂ ਨੇ ਇਮਤਿਹਾਨ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਬਾਅਦ ਇਹ ਕਦਮ ਚੁਕਿਆ ਗਿਆ ਹੈ।
ਐਨ.ਟੀ.ਏ. ਦੇ ਡਾਇਰੈਕਟਰ ਜਨਰਲ ਸੁਬੋਧ ਸਿੰਘ ਨੇ ਕਿਹਾ ਕਿ ਯੂ.ਪੀ.ਐਸ.ਸੀ. ਦੇ ਸਾਬਕਾ ਚੇਅਰਮੈਨ ਦੀ ਅਗਵਾਈ ਵਾਲੀ ਕਮੇਟੀ ਇਕ ਹਫ਼ਤੇ ਵਿਚ ਅਪਣੀ ਸਿਫਾਰਸ਼ ਦੇਵੇਗੀ ਅਤੇ ਇਨ੍ਹਾਂ ਉਮੀਦਵਾਰਾਂ ਦੇ ਨਤੀਜਿਆਂ ਵਿਚ ਸੋਧ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਗ੍ਰੇਸ ਅੰਕ ਦੇਣ ਨਾਲ ਇਮਤਿਹਾਨ ਦੇ ਯੋਗਤਾ ਮਾਪਦੰਡਾਂ ’ਤੇ ਕੋਈ ਅਸਰ ਨਹੀਂ ਪਿਆ ਹੈ ਅਤੇ ਪ੍ਰਭਾਵਤ ਉਮੀਦਵਾਰਾਂ ਦੇ ਨਤੀਜਿਆਂ ਦੀ ਸਮੀਖਿਆ ਨਾਲ ਦਾਖਲਾ ਪ੍ਰਕਿਰਿਆ ’ਤੇ ਕੋਈ ਅਸਰ ਨਹੀਂ ਪਵੇਗਾ।
ਨੈਸ਼ਨਲ ਐਲੀਜੀਬਿਲਟੀ ਐਂਡ ਐਂਟਰੈਂਸ ਟੈਸਟ (ਨੀਟ) ਦੇ ਕਈ ਉਮੀਦਵਾਰਾਂ ਨੇ ਦੋਸ਼ ਲਾਇਆ ਹੈ ਕਿ ਅੰਕ ਵਧਾਏ ਗਏ ਹਨ, ਜਿਸ ਕਾਰਨ 67 ਉਮੀਦਵਾਰਾਂ ਨੇ ਪਹਿਲਾ ਰੈਂਕ ਹਾਸਲ ਕੀਤਾ ਹੈ, ਜਿਨ੍ਹਾਂ ਵਿਚੋਂ ਪੰਜ ਇਕੋ ਕੇਂਦਰ ਦੇ ਹਨ।
ਐਨ.ਟੀ.ਏ. ਨੇ ਕਿਸੇ ਵੀ ਬੇਨਿਯਮੀ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਐੱਨ.ਸੀ.ਈ.ਆਰ.ਟੀ. ਦੀਆਂ ਪਾਠ ਪੁਸਤਕਾਂ ’ਚ ਤਬਦੀਲੀਆਂ ਅਤੇ ਇਮਤਿਹਾਨ ਕੇਂਦਰ ’ਚ ਸਮਾਂ ਬਰਬਾਦ ਕਰਨ ਲਈ ਦਿਤੇ ਗਏ ਗ੍ਰੇਸ ਅੰਕ ਵਿਦਿਆਰਥੀਆਂ ਦੇ ਉੱਚ ਅੰਕ ਪ੍ਰਾਪਤ ਕਰਨ ਦੇ ਕਾਰਨ ਹਨ।