
ਟਕਰਾਅ ਵਾਲੀਆਂ ਦੋ ਥਾਵਾਂ ਤੋਂ ਢਾਂਚੇ ਹਟਾਏ
ਨਵੀਂ ਦਿੱਲੀ, 7 ਜੁਲਾਈ : ਚੀਨੀ ਫ਼ੌਜ ਨੇ ਪੂਰਬੀ ਲਦਾਖ਼ ਵਿਚ ਹਾਟ ਸਪਰਿੰਗਜ਼ ਅਤੇ ਗੋਗਰਾ ਵਿਚ ਝੜਪ ਵਾਲੇ ਖੇਤਰਾਂ ਤੋਂ ਅਸਥਾਈ ਢਾਂਚੇ ਨੂੰ ਹਟਾ ਦਿਤਾ ਹੈ ਅਤੇ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਫ਼ੌਜੀਆਂ ਦੀ ਵਾਪਸੀ ਦਾ ਸਿਲਸਿਲਾ ਜਾਰੀ ਰਿਹਾ। ਇਸੇ ਦੌਰਾਨ ਗਲਵਾਨ ਘਾਟੀ ਵਿਚ ਝੜਪ ਵਾਲੀ ਥਾਂ ਤੋਂ ਭਾਰਤੀ ਫ਼ੌਜ ਵੀ 1.5 ਕਿਲੋਮੀਟਰ ਪਿੱਛੇ ਹਟ ਗਈ ਹੈ। ਭਾਰਤੀ ਫ਼ੌਜ ਉਨ੍ਹਾਂ ਦੇ ਪਿੱਛੇ ਹਟਣ ਦੀ ਗਤੀਵਿਧੀ 'ਤੇ ਸਖ਼ਤ ਨਜ਼ਰ ਰੱਖ ਰਹੀ ਹੈ। ਗੋਗਰਾ ਅਤੇ ਹਾਟ ਸਪਰਿੰਗਜ਼ ਦੋ ਅਜਿਹੇ ਬਿੰਦੂ ਹਨ ਜਿਥੇ ਪਿਛਲੇ ਅੱਠ ਹਫ਼ਤਿਆਂ ਤੋਂ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਟਕਰਾਅ ਵਾਲੀ ਹਾਲਤ ਬਣੀ ਹੋਈ ਹੈ।
File
ਸੂਤਰਾਂ ਨੇ ਦਸਿਆ ਕਿ ਇਨ੍ਹਾਂ ਦੋ ਖੇਤਰਾਂ ਤੋਂ ਫ਼ੌਜੀਆਂ ਦੇ ਪਿੱਛੇ ਹਟਣ ਦਾ ਕੰਮ ਦੋ ਦਿਨਾਂ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ ਅਤੇ ਇਨ੍ਹਾਂ ਖੇਤਰਾਂ ਤੋਂ ਚੀਨੀ ਫ਼ੌਜ ਦੁਆਰਾ ਫ਼ੌਜੀਆਂ ਦੀ ਲੋੜੀਂਦੀ ਵਾਪਸੀ ਵੀ ਕੀਤੀ ਗਈ ਹੈ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਟੈਲੀਫ਼ੋਨ 'ਤੇ ਗੱਲਬਾਤ ਕੀਤੀ ਸੀ ਜਿਸ ਵਿਚ ਉਹ ਅਸਲ ਕੰਟਰੋਲ ਰੇਖਾ ਤੋਂ ਫ਼ੌਜੀਆਂ ਦੀ ਤੇਜ਼ ਵਾਪਸੀ ਦੀ ਕਵਾਇਦ ਨੂੰ ਪੂਰਾ ਕਰਨ ਲਈ ਸਹਿਮਤ ਹੋਏ ਸਨ। ਸੋਮਵਾਰ ਦੀ ਸਵੇਰ ਤੋਂ ਫ਼ੌਜੀਆਂ ਦੀ ਵਾਪਸੀ ਸ਼ੁਰੂ ਹੋ ਗਈ ਸੀ। ਸੂਤਰਾਂ ਨੇ ਦਸਿਆ ਕਿ ਭਾਰਤੀ ਫ਼ੌਜ ਖ਼ਿੱਤੇ ਵਿਚ ਫ਼ੌਜੀਆਂ ਦੀ ਵਾਪਸੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਕਿਸੇ ਵੀ ਘਟਨਾ ਨਾਲ ਸਿੱਝਣ ਲਈ ਅਤਿਅੰਤ ਚੌਕਸੀ ਵਰਤ ਰਹੀ ਹੈ। ਉਨ੍ਹਾਂ ਦਸਿਆ ਕਿ ਦੋਹਾਂ ਫ਼ੌਜਾਂ ਵਿਚਾਲੇ ਫ਼ੌਜੀਆਂ ਦੀ ਵਾਪਸੀ ਕਵਾਇਦ ਦੇ ਪਹਿਲੇ ਗੇੜ ਮਗਰੋਂ ਇਸ ਹਫ਼ਤੇ ਦੇ ਅੰਤ ਵਿਚ ਹੋਰ ਗੱਲਬਾਤ ਹੋਣ ਦੀ ਉਮੀਦ ਹੈ।