
ਟਾਈਟਲਰ ਦੀ ਆਵਾਜ਼ ਦੇ ਨਮੂਨਿਆਂ ਦੀ ਫ਼ੋਰੈਂਸਿਕ ਜਾਂਚ ਬਾਬਤ ਕਾਨੂੰਨ ਵਿਗਿਆਨ ਪ੍ਰਯੋਗਸ਼ਾਲਾ (ਐਫ਼.ਐਸ.ਐਲ.) ਦੀ ਇਕ ਰੀਪੋਰਟ ਦਾਖ਼ਲ ਕਰਨ ਦਾ ਹੁਕਮ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ 1984 ਦੇ ਸਿੱਖ ਕਤਲੇਆਮ ਦੌਰਾਨ ਪੁਲ ਬੰਗਸ਼ ’ਚ ਕਥਿਤ ਕਤਲਾਂ ਨਾਲ ਜੁੜੇ ਮਾਮਲੇ ’ਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਵਿਰੁਧ ਚਾਰਜਸ਼ੀਟ ’ਤੇ ਨੋਟਿਸ ਲੈਣ ਬਾਰੇ 19 ਜੁਲਾਈ ਨੂੰ ਫੈਸਲਾ ਕਰੇਗੀ।
ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ (ਏ.ਸੀ.ਐਮ.ਐਮ.) ਵਿਧੀ ਗੁਪਤਾ ਆਨੰਦ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨਾਲ ਹੀ ਸ਼ਿਕਾਇਤਕਰਤਾ ਵਲੋਂ ਪੇਸ਼ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 7 ਜੁਲਾਈ ਨੂੰ ਅਪਣਾ ਹੁਕਮ ਸੁਰਖਿਅਤ ਰੱਖ ਲਿਆ।
ਜੱਜ ਨੇ ਅਦਾਲਤ ਮੁਲਾਜ਼ਮਾਂ ਨੂੰ ਵੇਖਣ ਦੇ ਹੁਕਮ ਵੀ ਦਿਤੇ ਕਿ ਪਹਿਲਾਂ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਤੋਂ ਪ੍ਰਾਪਤ ਮੁਕਦਮੇ ਦਾ ਰੀਕਾਰਡ ਪੂਰਾ ਹੈ ਜਾਂ ਨਹੀਂ। ਉਨ੍ਹਾਂ ਨੇ ਮਾਮਲੇ ’ਤੇ 19 ਜੁਲਾਈ ਨੂੰ ਅਗਲੀ ਸੁਣਵਾਈ ਤਕ ਇਕ ਰੀਪੋਰਟ ਦਾਖ਼ਲ ਕਰਨ ਦਾ ਹੁਕਮ ਦਿਤਾ।
ਰਾਊਜ ਐਵੀਨਿਊ ਅਦਾਲਤ ਦੀ ਜੱਜ ਨੇ ਕਿਹਾ ਕਿ ਕੜਕੜਡੂਮਾ ਦੀ ਇਕ ਅਦਾਲਤ ਦੇ ਮੁਲਾਜ਼ਮਾਂ ਵਲੋਂ ਦਾਖ਼ਲ ਦਸਤਾਵੇਜ਼ ਬਹੁਤ ਜ਼ਿਆਦਾ ਹੈ ਅਤੇ ਉਹ ਸੱਤ ਕਾਨੂੰਨੀ ਫ਼ਾਈਲਾਂ ’ਚ ਹੈ।
ਉਨ੍ਹਾਂ ਨੇ ਸੀ.ਬੀ.ਆਈ. ਨੂੰ ਟਾਈਟਲਰ ਦੀ ਆਵਾਜ਼ ਦੇ ਨਮੂਨਿਆਂ ਦੀ ਫ਼ੋਰੈਂਸਿਕ ਜਾਂਚ ਬਾਬਤ ਕਾਨੂੰਨ ਵਿਗਿਆਨ ਪ੍ਰਯੋਗਸ਼ਾਲਾ (ਐਫ਼.ਐਸ.ਐਲ.) ਦੀ ਇਕ ਰੀਪੋਰਟ ਦਾਖ਼ਲ ਕਰਨ ਦਾ ਹੁਕਮ ਦਿਤਾ।
ਸੀ.ਬੀ.ਆਈ. ਨੇ ਮਾਮਲੇ ’ਚ ਟਾਈਟਲਰ ਵਿਰੁਧ 20 ਮਈ ਨੂੰ ਇਕ ਚਾਰਜਸ਼ੀਟ ਦਾਇਰ ਕੀਤੀ ਸੀ।
ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਇਕ ਦਿਨ ਬਾਅਦ 1 ਨਵੰਬਰ, 1984 ਨੂੰ ਪੁਲ ਬੰਗਸ਼ ਇਲਾਕੇ ’ਚ ਤਿੰਨ ਵਿਅਕਤੀਆਂ ਦਾ ਕਤਲ ਕਰ ਦਿਤਾ ਗਿਆ ਸੀ ਅਤੇ ਇਕ ਗੁਰਦਵਾਰੇ ਨੂੰ ਸਾੜ ਦਿਤਾ ਗਿਆ ਸੀ।
ਵਿਸ਼ੇਸ਼ ਅਦਾਲਤ ’ਚ ਦਾਖ਼ਲ ਚਾਰਜਸ਼ੀਟ ’ਚ ਸੀ.ਬੀ.ਆਈ. ਨੇ ਕਿਹਾ ਹੈ ਕਿ ਟਾਈਟਲਰ ਨੇ 1 ਨਵੰਬਰ, 1984 ਨੂੰ ‘ਪੁਲ ਬੰਗਸ਼ ਗੁਰਦਵਾਰਾ ਆਜ਼ਾਦ ਬਾਜ਼ਾਰ ’ਚ ਇਕੱਠਾ ਭੀੜ ਨੂੰ ਉਕਸਾਇਆ ਅਤੇ ਭੜਕਾਇਆ’ ਜਿਸ ਦੇ ਨਤੀਜੇ ਵਜੋਂ ਗੁਰਦਵਾਰੇ ’ਚ ਅੱਗ ਲਾ ਦਿਤੀ ਗਈ ਅਤੇ ਤਿੰਨ ਸਿੱਖਾਂ- ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਦਾ ਕਤਲ ਕਰ ਦਿਤਾ ਗਿਆ।
ਸੀ.ਬੀ.ਆਈ. ਨੇ ਦਸਿਆ ਕਿ ਜਾਂਚ ਏਜੰਸੀ ਨੇ ਟਾਈਟਲਰ ਵਿਰੁਧ ਧਾਰਾ 147 (ਦੰਗਾ) ਅਤੇ 109 (ਭੜਕਾਉਣਾ/ਉਕਸਾਉਣਾ) ਦੇ ਨਾਲ 302 (ਕਤਲ) ਹੇਠ ਦੋਸ਼ ਲਾਏ ਹਨ।