
ਟਮਾਟਰਾਂ ਦੇ ਭਾਅ ਵਧਣ ਕਾਰਨ ਚੰਗੀ ਪੈਦਾਵਾਰ ਵਾਲੇ ਕਿਸਾਨਾਂ ਦੀ ਕਮਾਈ ਲੱਖਾਂ ’ਚ ਪੁੱਜੀ
ਬੇਂਗਲੁਰੂ: ਬਾਜ਼ਾਰ ਵਿਚ ਟਮਾਟਰਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰਨਾਟਕ ਦੇ ਕਿਸਾਨਾਂ ਨੂੰ ਖੇਤਾਂ ਵਿਚ ਅਪਣੀ ਫ਼ਸਲ ਦੀ ਰਾਖੀ ਕਰਨ ਲਈ ਮਜਬੂਰ ਕਰ ਰਿਹਾ ਹੈ ਕਿਉਂਕਿ ਸ਼ਰਾਰਤੀ ਅਨਸਰਾਂ ਵਲੋਂ ਇਸ ਦੀ ਚੋਰੀ ਕੀਤੀ ਜਾ ਰਹੀ ਹੈ। ਟਮਾਟਰ ਦਾ ਭਾਅ 100 ਰੁਪਏ ਨੂੰ ਪਾਰ ਕਰ ਗਿਆ ਹੈ ਅਤੇ ਇਹ 150 ਰੁਪਏ ਪ੍ਰਤੀ ਕਿਲੋ ਤਕ ਵੀ ਵਿਕ ਰਿਹਾ ਹੈ।
ਕਿਸਾਨ ਅਪਣੇ ਖੇਤਾਂ ਵਿਚ ਸੌਣ ਲਈ ਮਜਬੂਰ ਹਨ ਅਤੇ ਵਾਢੀ ਲਈ ਤਿਆਰ ਫਸਲ ਦੀ ਰਾਖੀ ਕਰ ਰਹੇ ਹਨ। ਮੌਨਸੂਨ ਦੇ ਮੀਂਹ ਨੇ ਉਨ੍ਹਾਂ ਲਈ ਸਥਿਤੀ ਹੋਰ ਖਰਾਬ ਕਰ ਦਿਤੀ ਹੈ। ਇਹ ਦ੍ਰਿਸ਼ ਆਮ ਤੌਰ ’ਤੇ ਦਖਣੀ ਕਰਨਾਟਕ ਦੇ ਕੋਲਾਰ, ਹਸਨ ਦੇ ਜ਼ਿਲ੍ਹਿਆਂ ਵਿਚ ਵੇਖਿਆ ਜਾ ਹੈ ਜਿੱਥੇ ਫਸਲ ਵੱਡੀ ਮਾਤਰਾ ਵਿਚ ਉਗਾਈ ਜਾਂਦੀ ਹੈ।
ਕਿਸਾਨਾਂ ਨੇ ਦਸਿਆ ਕਿ ਉਹ ਲੋਕਾਂ ਅਤੇ ਗੱਡੀਆਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਲਈ ਅਪਣੀ ਖੇਤਾਂ ’ਚ ਤੰਬੂ ਲਗਾ ਰਹੇ ਹਨ। ਉਹ ਦਸਦੇ ਹਨ ਕਿ ਉਨ੍ਹਾਂ ਨੂੰ ਤੜਕੇ ਵਧੇਰੇ ਚੌਕਸ ਰਹਿਣ ਦੀ ਲੋੜ ਪੈਂਦੀ ਹੈ। ਟਮਾਟਰ ਦੇ ਇਕ ਡੱਬੇ ਦੀ ਕੀਮਤ 2,500 ਤੋਂ 3,000 ਰੁਪਏ ਤਕ ਮਿਲ ਰਹੀ ਹੈ ਅਤੇ ਚੰਗੀ ਫ਼ਸਲ ਪੈਦਾ ਕਰਨ ਵਾਲੇ ਕਿਸਾਨ ਲੱਖਾਂ ਵਿਚ ਕਮਾ ਰਹੇ ਹਨ।
ਕਿਸਾਨਾਂ ਨੂੰ ਕਈ ਸਾਲਾਂ ਤੋਂ ਉਨ੍ਹਾਂ ਦੀ ਫਸਲ ਦਾ ਚੰਗਾ ਭਾਅ ਨਹੀਂ ਮਿਲਿਆ। ਉਨ੍ਹਾਂ ਨੇ ਟਮਾਟਰਾਂ ਦੇ ਡਿੱਗਦੇ ਭਾਅ ਦੇ ਵਿਰੋਧ ਵਿਚ ਫਸਲ ਨੂੰ ਸੜਕਾਂ ਅਤੇ ਹਾਈਵੇ ’ਤੇ ਵੀ ਸੁੱਟ ਦਿਤਾ ਸੀ। ਕਈ ਵਾਰ ਤਾਂ ਕਿਸਾਨਾਂ ਨੂੰ ਢੋਆ-ਢੁਆਈ ਦਾ ਖਰਚਾ ਵੀ ਨਹੀਂ ਮਿਲਦਾ ਸੀ। ਹੁਣ ਜਦੋਂ ਫਸਲ ਦਾ ਬਹੁਤ ਵਧੀਆ ਭਾਅ ਮਿਲ ਰਿਹਾ ਹੈ ਤਾਂ ਉਨ੍ਹਾਂ ਦੀ ਫਸਲ ਚੋਰੀ ਹੋਣ ਦਾ ਖਤਰਾ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਇਕ ਕਿਸਾਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਹਸਨ ਜ਼ਿਲ੍ਹੇ ਵਿਚ ਉਸ ਦੇ ਖੇਤ ਵਿਚੋਂ ਰਾਤੋ ਰਾਤ 3 ਲੱਖ ਰੁਪਏ ਦੇ ਟਮਾਟਰ ਚੋਰੀ ਹੋ ਗਏ ਹਨ। ਘਟਨਾ 6 ਜੁਲਾਈ ਦੀ ਦੱਸੀ ਗਈ ਸੀ। ਇਹ ਘਟਨਾ ਹਸਨ ਦੇ ਹਲੇਬੇਡੂ ਸ਼ਹਿਰ ਦੇ ਨੇੜੇ ਗੋਨੀ ਸੋਮਨਹੱਲੀ ਪਿੰਡ ਦੀ ਦੱਸੀ ਗਈ ਹੈ। ਇਸ ਸਬੰਧੀ ਕਿਸਾਨ ਧਾਰਨੀ ਉਰਫ਼ ਸੋਮਸ਼ੇਕਰ ਨੇ ਹਲੇਬੀਡੂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਪੁਲਿਸ ਨੇ ਦਸਿਆ ਕਿ ਚੋਰ ਟਮਾਟਰਾਂ ਦੀਆਂ 90 ਪੇਟੀਆਂ ਚੋਰੀ ਕਰ ਕੇ ਲੈ ਗਏ ਜਿਨ੍ਹਾਂ ਦੀ ਕੀਮਤ ਕਰੀਬ 3 ਲੱਖ ਰੁਪਏ ਬਣਦੀ ਹੈ। ਅੱਵਲ ਕੁਆਲਿਟੀ ਦੇ ਟਮਾਟਰ ਦੀ ਕੀਮਤ 150 ਰੁਪਏ ਨੂੰ ਪਾਰ ਕਰ ਗਈ ਹੈ। ਟਮਾਟਰ ਦੋ ਏਕੜ ਰਕਬੇ ਵਿਚ ਉਗਾਇਆ ਗਿਆ ਸੀ। ਸ਼ਿਕਾਇਤਕਰਤਾ ਨੇ ਫ਼ਸਲ ਨੂੰ ਚਿੱਕਮਗਲੂਰ ਦੀ ਮੰਡੀ ਵਿਚ ਲਿਜਾ ਕੇ ਫ਼ਸਲ ਵੇਚਣ ਦਾ ਫੈਸਲਾ ਕੀਤਾ ਸੀ। ਪਰ ਬਦਮਾਸ਼ ਮੰਗਲਵਾਰ ਰਾਤ ਉਸ ਦੇ ਖੇਤ ’ਚ ਦਾਖਲ ਹੋਏ ਸਨ ਅਤੇ ਜ਼ਿਆਦਾਤਰ ਟਮਾਟਰ ਚੋਰੀ ਕਰ ਕੇ ਲੈ ਗਏ ਸਨ।
ਚੋਰਾਂ ਨੇ ਟਮਾਟਰ ਦੇ ਬੂਟਿਆਂ ਨੂੰ ਵੀ ਨੁਕਸਾਨ ਪਹੁੰਚਾਇਆ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਧਾਰਨੀ ਅਗਲੀ ਸਵੇਰ ਅਪਣੇ ਖੇਤ ਆਇਆ। ਉਸ ਨੇ ਕਿਹਾ, ‘‘ਮੈਂ ਸੱਤ ਤੋਂ ਅੱਠ ਸਾਲਾਂ ਤੋਂ ਟਮਾਟਰ ਉਗਾ ਰਿਹਾ ਹਾਂ। ਫ਼ਸਲ ਦਾ ਕਦੇ ਵੀ ਚੰਗਾ ਭਾਅ ਨਹੀਂ ਮਿਲਿਆ। ਇਸ ਸਾਲ ਮੈਂ ਭਰਪੂਰ ਫ਼ਸਲ ਵੱਢੀ ਸੀ ਅਤੇ ਕੀਮਤ ਵੀ ਚੰਗੀ ਸੀ। ਮੈਂ ਅਪਣੇ ਕਰਜ਼ਿਆਂ ਨੂੰ ਕਲੀਅਰ ਕਰਨ ਬਾਰੇ ਸੋਚਿਆ ਪਰ ਇਸ ਘਟਨਾ ਨੇ ਮੇਰੀ ਖੁਸ਼ੀ ਨੂੰ ਤਬਾਹ ਕਰ ਦਿਤਾ।’’