
ਸਿਹਤ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰਾਸ਼ਣ ਦੀਆਂ ਦੁਕਾਨਾਂ ‘ਤੇ ਕੰਮ ਕਰਨ ਵਾਲੇ, ਸਬਜ਼ੀ ਵੇਚਣ ਵਾਲੇ ਅਤੇ ਫੇਰੀ ਵਾਲਿਆਂ ਦੀ ਜਾਂਚ ਦੀ ਸਲਾਹ ਦਿੱਤੀ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰਾਸ਼ਣ ਦੀਆਂ ਦੁਕਾਨਾਂ ‘ਤੇ ਕੰਮ ਕਰਨ ਵਾਲੇ, ਸਬਜ਼ੀ ਵੇਚਣ ਵਾਲੇ ਅਤੇ ਫੇਰੀ ਵਾਲਿਆਂ ਦੀ ਕੋਰੋਨਾ ਜਾਂਚ ਦੀ ਸਲਾਹ ਦਿੱਤੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਦੀ ਜਾਂਚ ਨਾਲ ਮਾਮਲਿਆਂ ਦਾ ਜਲਦ ਪਤਾ ਲਗਾਇਆ ਜਾ ਸਕਦਾ ਹੈ ਅਤੇ ਇਸ ਨਾਲ ਮੌਤ ਦਰ ਵਿਚ ਵੀ ਕਮੀ ਲਿਆਂਦੀ ਜਾ ਸਕਦੀ ਹੈ।
Corona virus
ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖੀ ਇਕ ਚਿੱਠੀ ਵਿਚ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਆਕਸੀਜਨ ਦੀ ਸੁਵਿਧਾ ਅਤੇ ਜਲਦ ਪ੍ਰਤੀਕਿਰਿਆ ਦੇਣ ਵਾਲੀ ਐਂਬੂਲੈਂਸ ਟ੍ਰਾਂਸਪੋਰਟ ਪ੍ਰਣਾਲੀ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ। ਦੇਸ਼ ਦੇ ਨਵੇਂ ਇਲਾਕਿਆਂ ਵਿਚ ਵੀ ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਦੇਖਦੇ ਹੋਏ ਭੂਸ਼ਣ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਜ਼ਿਲ੍ਹਿਆਂ ਵਿਚ ਕੋਰੋਨਾ ਪੀੜਤ ਵਿਅਕਤੀ ਫੈਲੇ ਹੋ ਸਕਦੇ ਹਨ ਜਾਂ ਫਿਰ ਇਕ ਹੀ ਸਥਾਨ ‘ਤੇ ਕੁਝ ਮਾਮਲੇ ਹੋ ਸਕਦੇ ਹਨ ਜਾਂ ਫਿਰ ਇਹਨਾਂ ਜ਼ਿਲ੍ਹਿਆਂ ਵਿਚ ਵੱਡੀ ਗਿਣਤੀ ਵਿਚ ਲੋਕ ਪੀੜਤ ਹੋ ਸਕਦੇ ਹਨ।
Coronavirus
ਇਸ ਲਈ ਇਹਨਾਂ ਖੇਤਰਾਂ ਵਿਚ ਮਹਾਂਮਾਰੀ ਨੂੰ ਕੰਟਰੋਲ ਕਰਨਾ ਸਾਡੀ ਪਹਿਲ ਹੋਣੀ ਚਾਹੀਦੀ ਹੈ। ਉਹਨਾਂ ਕਿਹਾ, ਧਿਆਨ ਇਸ ਗੱਲ ‘ਤੇ ਵੀ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਕੀਮਤ ‘ਤੇ ਲੋਕਾਂ ਦੀ ਜਾਨ ਬਚਾਉਣੀ ਹੈ। ਉਹਨਾਂ ਕਿਹਾ ਕਿ ਅਸੀਂ ਹੋਰ ਦੇਸ਼ਾਂ ਦੀ ਤੁਲਨਾ ਵਿਚ ਵਧੀਆ ਕਦਮ ਚੁੱਕੇ ਹਨ, ਫਿਰ ਵੀ ਸਾਡਾ ਉਦੇਸ਼ ਹੈ ਕਿ ਲਾਗ ਨਾਲ ਹੋਣ ਵਾਲੀ ਮੌਤ ਦਰ ਇਕ ਪ੍ਰਤੀਸ਼ਤ ਤੋਂ ਜ਼ਿਆਦਾ ਨਾ ਹੋਵੇ।
Corona virus
ਮਰੀਜ਼ਾਂ ਦਾ ਜਲਦ ਪਤਾ ਲਗਾਉਣ ਨਾਲ ਘੱਟ ਹੋਵੇਗੀ ਮੌਤ ਦਰ
ਉਹਨਾਂ ਨੇ ਲਿਖਿਆ ਕਿ ਲਾਗ ਦੇ ਮਰੀਜ਼ਾਂ ਦਾ ਜਲਦੀ ਪਤਾ ਲੱਗਣਾ, ਮੌਤ ਦਰ ਘੱਟ ਕਰਨ ਵਿਚ ਸਭ ਤੋਂ ਜ਼ਿਆਦਾ ਸਹਾਇਕ ਕਦਮ ਸਾਬਿਤ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇਕ ਕੋਰੋਨਾ ਮਰੀਜ਼ ਮਿਲਣ ਦੇ 72 ਘੰਟਿਆਂ ਅੰਦਰ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ 80 ਫੀਸਦੀ ਲੋਕਾਂ ਦਾ ਪਤਾ ਲਗਾ ਕੇ ਉਹਨਾਂ ਦੀ ਜਾਂਚ ਕਰਨੀ ਹੋਵੇਗੀ।