ਪਿਓ ਅਤੇ ਚਾਚੇ ਦੇ ਕਾਤਲਾਂ ਵਿਰੁਧ ਗਵਾਹੀ ਦੇਣ ਲਈ 10 ਦਿਨ ਪਹਿਲਾਂ ਹੀ ਆਇਆ ਸੀ ਛੁੱਟੀ
ਰੋਹਤਕ : ਹਰਿਆਣਾ ਦੇ ਰੋਹਤਕ 'ਚ ਪਿਤਾ ਦੇ ਕਤਲ ਦੀ ਗਵਾਹੀ ਦੇਣ ਵਾਲੇ ਫ਼ੌਜੀ ਪੁੱਤਰ ਦਾ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿਤਾ। ਜਾਣਕਾਰੀ ਅਨੁਸਾਰ ਫ਼ੌਜੀ ਮੋਹਿਤ ਕਰੀਬ 10 ਦਿਨ ਪਹਿਲਾਂ ਗਵਾਹੀ ਦੇਣ ਲਈ ਇਕ ਮਹੀਨੇ ਦੀ ਛੁੱਟੀ ਲੈ ਕੇ ਆਇਆ ਸੀ। ਮੰਗਲਵਾਰ ਨੂੰ ਜਦੋਂ ਉਹ ਅਪਣੇ ਭਤੀਜੇ ਨੂੰ ਛੱਡ ਕੇ ਘਰ ਪਰਤ ਰਿਹਾ ਸੀ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ 'ਤੇ ਗੋਲੀ ਚਲਾ ਦਿਤੀ। ਹਮਲਾਵਰਾਂ 'ਚੋਂ ਇਕ 'ਤੇ ਮੋਹਿਤ ਦੇ ਪਿਤਾ ਅਤੇ ਚਾਚੇ ਦੀ ਹੱਤਿਆ ਕਰਨ ਦਾ ਵੀ ਦੋਸ਼ ਹੈ।
ਬਦਮਾਸ਼ਾਂ ਦੀ ਗੋਲੀ ਚਮਰੀਆ ਪਿੰਡ ਦੇ ਸਿਪਾਹੀ ਮੋਹਿਤ ਦੇ ਪੁੜਪੁੜੀ 'ਤੇ ਲੱਗੀ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਫ਼ੌਜੀ ਦੇ ਪ੍ਰਵਾਰਕ ਮੈਂਬਰ ਕਤਲ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਉਸ ਨੇ ਕਾਰਵਾਈ ਹੋਣ ਤਕ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿਤਾ ਹੈ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ : ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਕੀ ਮੁਕਾਬਲਾ 30 ਸਤੰਬਰ ਨੂੰ
ਜਾਣਕਾਰੀ ਅਨੁਸਾਰ ਮੋਹਿਤ 27 ਰਾਜਪੂਤ ਰੈਜੀਮੈਂਟ ਵਿਚ ਤਾਇਨਾਤ ਸੀ। ਇਸ ਸਮੇਂ ਉਸਦੀ ਡਿਊਟੀ ਸ਼ਾਹਜਹਾਂਪੁਰ, ਉੱਤਰ ਪ੍ਰਦੇਸ਼ ਵਿਚ ਸੀ। ਪਿੰਡ ਚਮਰੀਆ ਵਾਸੀ ਕੁਲਦੀਪ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦਸਿਆ ਕਿ ਉਸ ਦਾ ਭਤੀਜਾ 26 ਸਾਲਾ ਮੋਹਿਤ ਕਰੀਬ 3 ਸਾਲਾਂ ਤੋਂ ਫ਼ੌਜ ਵਿਚ ਹੈ। ਕੁਝ ਸਮਾਂ ਪਹਿਲਾਂ ਉਸ ਦੇ ਪਿਤਾ ਦਾ ਕਤਲ ਹੋ ਗਿਆ ਸੀ। ਮੋਹਿਤ ਇਸ ਮਾਮਲੇ 'ਚ ਗਵਾਹ ਸੀ। ਇਸੇ ਕਾਰਨ ਉਹ ਡਿਊਟੀ ਤੋਂ ਰੋਹਤਕ ਆਇਆ ਸੀ।
ਮੰਗਲਵਾਰ ਸਵੇਰੇ ਕਰੀਬ 8.15 ਵਜੇ ਮੋਹਿਤ ਅਪਣੇ ਭਤੀਜੇ ਜਸ਼ਨ ਨੂੰ ਸਕੂਲ ਛੱਡਣ ਗਿਆ ਸੀ। ਵਾਪਸ ਆਉਂਦੇ ਸਮੇਂ ਜਦੋਂ ਉਹ ਸਰਕਾਰੀ ਸਕੂਲ ਨੇੜੇ ਪਹੁੰਚਿਆ ਤਾਂ ਸੋਨੀਪਤ ਦੇ ਪਿੰਡ ਚਮਰੀਆ ਹਾਲ ਦੇ ਗੋਰਾੜ ਦਾ ਰਹਿਣ ਵਾਲਾ ਸੰਦੀਪ ਅਪਣੇ ਦੋ ਸਾਥੀਆਂ ਸਮੇਤ ਮੋਟਰਸਾਈਕਲ 'ਤੇ ਉਥੇ ਅਤੇ ਗੋਲੀ ਮਾਰ ਕੇ ਮੋਹਿਤ ਦਾ ਕਤਲ ਕਰ ਦਿਤਾ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਕਾਬੂ ਕੀਤਾ ਸਰਕਾਰੀ ਹਸਪਤਾਲ ਵਿਖੇ ਤੈਨਾਤ ਅਟੈਂਡੈਂਟ ਇਮਰਾਨ
ਪੁਲਿਸ ਨੂੰ ਦਿਤੇ ਅਪਣੇ ਬਿਆਨ ਵਿਚ ਕੁਲਦੀਪ ਨੇ ਦੋਸ਼ ਲਗਾਇਆ ਕਿ ਸੰਦੀਪ ਪਹਿਲਾਂ ਵੀ ਉਸ ਦੇ ਭਰਾ ਭੂਪ ਸਿੰਘ ਦਾ ਕਤਲ ਕਰ ਚੁੱਕਾ ਹੈ। ਭੂਪ ਸਿੰਘ ਫ਼ੌਜੀ ਮੋਹਿਤ ਦੇ ਪਿਤਾ ਸਨ। ਮੋਹਿਤ ਵੀ ਇਸੇ ਕੇਸ ਦਾ ਗਵਾਹ ਸੀ। ਫਿਰ ਉਸ ਦੇ ਚਚੇਰੇ ਭਰਾ ਮਨਜੀਤ ਦਾ ਵੀ ਕਤਲ ਕਰ ਦਿਤਾ ਗਿਆ। ਇਸੇ ਦੁਸ਼ਮਣੀ ਵਿਚ ਮੁਲਜ਼ਮਾਂ ਨੇ ਮੋਹਿਤ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਉਨ੍ਹਾਂ ਵਲੋਂ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਕੁਲਦੀਪ ਨੇ ਦਸਿਆ ਕਿ ਮੋਹਿਤ ਨੇ ਅਪਣੇ ਪਿਤਾ ਦੇ ਕੇਸ ਵਿਚ 10 ਅਗਸਤ ਨੂੰ ਅਦਾਲਤ ਵਿਚ ਗਵਾਹੀ ਦੇਣੀ ਸੀ। ਇਸੇ ਕਾਰਨ ਉਹ ਛੁੱਟੀ 'ਤੇ ਆਇਆ ਸੀ। ਕਤਲ ਤੋਂ ਬਾਅਦ ਮੌਕੇ 'ਤੇ ਪਹੁੰਚੀ ਐਫ.ਐਸ.ਐਲ. ਟੀਮ ਨੇ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ। ਇਸ ਦੇ ਨਾਲ ਹੀ ਇਸ ਮਾਮਲੇ 'ਚ ਪੁਲਿਸ ਨੇ ਦੋਸ਼ੀ ਸੰਦੀਪ ਸਮੇਤ 3 ਵਿਰੁਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।