
ਹਾਕੀ ਮੁਕਾਬਲਿਆਂ ’ਚ ਭਾਰਤ ਅਤੇ ਪਾਕਿਸਤਾਨ ਦੀ ਟੀਮ ਇਕ ਹੀ ਗਰੁੱਪ ’ਚ
ਮਰਦਾਨਾ ਟੀਮ
ਭਾਰਤ-ਉਜ਼ਬੇਕਿਸਤਾਨ 24 ਸਤੰਬਰ
ਭਾਰਤ-ਸਿੰਗਾਪੁਰ 26 ਸਤੰਬਰ
ਭਾਰਤ-ਜਾਪਾਨ 28 ਸਤੰਬਰ
ਭਾਰਤ-ਪਾਕਿਸਤਾਨ 30 ਸਤੰਬਰ
ਭਾਰਤ-ਬੰਗਲਾਦੇਸ਼ 2 ਅਕਤੂਬਰ
ਸੈਮੀਫ਼ਾਈਨਲ 4 ਅਕਤੂਬਰ
ਫ਼ਾਈਨਲ 6 ਅਕਤੂਬਰ
ਜ਼ਨਾਨਾ ਟੀਮ
ਭਾਰਤ-ਸਿੰਗਾਪੁਰ 27 ਸਤੰਬਰ
ਭਾਰਤ-ਜਾਪਾਨ 28 ਸਤੰਬਰ
ਭਾਰਤ-ਮਲੇਸ਼ੀਆ 29 ਸਤੰਬਰ
ਭਾਰਤ-ਕੋਰੀਆ 1 ਅਕਤੂਬਰ
ਭਾਰਤ-ਹਾਂਕਕਾਂਗ ਚੀਨ 3 ਅਕਤੂਬਰ
ਸੈਮੀਫ਼ਾਈਨਲ 5 ਅਕਤੂਬਰ
ਫ਼ਾਈਨਲ 7 ਅਕਤੂਬਰ
ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੀਆਂ ਮਰਦਾਨਾ ਹਾਕੀ ਟੀਮਾਂ ਨੂੰ ਚੀਨ ਦੇ ਹਾਂਗਜ਼ੂ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਇਕ ਹੀ ਗਰੁਪ ’ਚ ਸ਼ਾਮਲ ਕੀਤਾ ਗਿਆ ਹੈ, ਜਿੱਥੇ ਦੋਵੇਂ ਟੀਮਾਂ 30 ਸਤੰਬਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਅਤੇ ਪਾਕਿਸਤਾਨ ਨੂੰ ਜਾਪਾਨ, ਬੰਗਲਾਦੇਸ਼, ਸਿੰਗਾਪੁਰ ਅਤੇ ਉਜ਼ਬੇਕਿਸਤਾਨ ਦੇ ਨਾਲ ਗਰੁਪ ਏ ’ਚ ਰਖਿਆ ਗਿਆ ਹੈ। ਭਾਰਤ ਅਪਣਾ ਪਹਿਲਾ ਮੈਚ 24 ਸਤੰਬਰ ਨੂੰ ਉਜ਼ਬੇਕਿਸਤਾਨ ਵਿਰੁਧ ਖੇਡੇਗਾ।
ਭਾਰਤੀ ਜ਼ਨਾਨਾ ਹਾਕੀ ਟੀਮ ਨੂੰ ਵੀ ਗਰੁਪ-ਏ ਵਿਚ ਰਖਿਆ ਗਿਆ ਹੈ ਜਿੱਥੇ ਉਸ ਦਾ ਸਾਹਮਣਾ ਹਾਂਗਕਾਂਗ, ਸਿੰਗਾਪੁਰ, ਦਖਣੀ ਕੋਰੀਆ ਅਤੇ ਮਲੇਸ਼ੀਆ ਨਾਲ ਹੋਵੇਗਾ। ਭਾਰਤੀ ਜ਼ਨਾਨਾ ਟੀਮ 27 ਸਤੰਬਰ ਨੂੰ ਸਿੰਗਾਪੁਰ ਵਿਰੁਧ ਅਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਹਰਮਨਪ੍ਰੀਤ ਸਿੰਘ, ਜੋ ਇਸ ਵੇਲੇ ਏਸ਼ੀਅਨ ਚੈਂਪੀਅਨਜ਼ ਟਰਾਫੀ ’ਚ ਭਾਰਤੀ ਪੁਰਸ਼ ਟੀਮ ਦੀ ਅਗਵਾਈ ਕਰ ਰਹੇ ਹਨ, ਨੇ ਇਕ ਰਿਲੀਜ਼ ’ਚ ਕਿਹਾ, ‘‘ਸਾਨੂੰ ਸਾਡੇ ਪੂਲ ’ਚ ਕੁਝ ਮਜ਼ਬੂਤ ਟੀਮਾਂ ਨਾਲ ਜੋੜਿਆ ਗਿਆ ਹੈ, ਜਿਸ ’ਚ ਜਾਪਾਨ ਵੀ ਸ਼ਾਮਲ ਹੈ। ਜਕਾਰਤਾ ’ਚ 2018 ਦੀਆਂ ਏਸ਼ਿਆਈ ਖੇਡਾਂ ’ਚ ਜਾਪਾਨ ਨੇ ਸੋਨ ਤਗ਼ਮਾ ਜਿੱਤਿਆ। ਅਸੀਂ ਸਾਰੀਆਂ ਟੀਮਾਂ ਨਾਲ ਇਕੋ ਜਿਹਾ ਰਵੱਈਆ ਅਪਣਾਵਾਂਗੇ ਅਤੇ ਕਿਸੇ ਵੀ ਟੀਮ ਨੂੰ ਹੌਲਾ ਨਹੀਂ ਮੰਨਾਂਗੇ।’’
ਪੜ੍ਹੋ ਪੂਰੀ ਖ਼ਬਰ : ਸਤੰਬਰ 'ਚ ਕੈਨਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਦਾਖ਼ਲਾ ਵਾਪਸੀ ਦੇ ਨੋਟਿਸ ਜਾਰੀ
ਭਾਰਤੀ ਕਪਤਾਨ ਨੇ ਕਿਹਾ, ‘‘ਸਾਨੂੰ ਏਸ਼ੀਅਨ ਚੈਂਪੀਅਨਸ ਟਰਾਫੀ ’ਚ ਇਨ੍ਹਾਂ ’ਚੋਂ ਕੁਝ ਦੇਸ਼ਾਂ ਨਾਲ ਮੁਕਾਬਲਾ ਕਰਨ ਦਾ ਮੌਕਾ ਮਿਲ ਚੁਕਾ ਹੈ ਅਤੇ ਅਸੀਂ ਭਵਿੱਖ ’ਚ ਇਸ ਤਜਰਬੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੇ।’’ ਉਨ੍ਹਾਂ ਕਿਹਾ, ‘‘ਸਾਡੇ ਕੋਚ ਨੇ ਸਾਨੂੰ ਹਮੇਸ਼ਾ ਅਪਣੇ ਵਿਰੋਧੀਆਂ ਵਿਰੁਧ ਤਿਆਰ ਰਹਿਣਾ ਸਿਖਾਇਆ ਹੈ। ਅਸੀਂ ਹਾਂਗਜ਼ੂ ਏਸ਼ਿਆਈ ਖੇਡਾਂ ਲਈ ਅਪਣੀਆਂ ਸਾਰੀਆਂ ਵਿਰੋਧੀ ਟੀਮਾਂ ਦਾ ਮੁਲਾਂਕਣ ਕਰਾਂਗੇ। ਅਸੀਂ ਉਨ੍ਹਾਂ ਦੀਆਂ ਖੂਬੀਆਂ ਅਤੇ ਕਮਜ਼ੋਰੀਆਂ ਨੂੰ ਜਾਣਨ ਲਈ ਵੀਡੀਉ ਫੁਟੇਜ ਰਾਹੀਂ ਜਾਵਾਂਗੇ ਅਤੇ ਉਸ ਅਨੁਸਾਰ ਯੋਜਨਾ ਬਣਾਵਾਂਗੇ।’’
ਦਖਣੀ ਕੋਰੀਆ, ਮਲੇਸ਼ੀਆ, ਚੀਨ, ਓਮਾਨ, ਥਾਈਲੈਂਡ ਅਤੇ ਇੰਡੋਨੇਸ਼ੀਆ ਪੁਰਸ਼ ਵਰਗ ਦੇ ਗਰੁਪ-ਬੀ ’ਚ ਹਨ ਜਦੋਂ ਕਿ ਜਾਪਾਨ, ਚੀਨ, ਥਾਈਲੈਂਡ, ਕਜ਼ਾਕਿਸਤਾਨ ਅਤੇ ਇੰਡੋਨੇਸ਼ੀਆ ਮਹਿਲਾ ਵਰਗ ਦੇ ਗਰੁਪ-ਬੀ ’ਚ ਹਨ। ਭਾਰਤੀ ਮਰਦਾਨਾ ਟੀਮ ਉਜ਼ਬੇਕਿਸਤਾਨ ਵਿਰੁਧ ਅਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ 26 ਸਤੰਬਰ ਨੂੰ ਸਿੰਗਾਪੁਰ ਅਤੇ 28 ਸਤੰਬਰ ਨੂੰ ਜਾਪਾਨ ਨਾਲ ਭਿੜੇਗੀ। ਉਨ੍ਹਾਂ ਦਾ ਸਾਹਮਣਾ 30 ਸਤੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ ਜਦਕਿ ਲੀਗ ਪੜਾਅ ’ਚ ਉਨ੍ਹਾਂ ਦਾ ਆਖਰੀ ਮੈਚ 2 ਅਕਤੂਬਰ ਨੂੰ ਬੰਗਲਾਦੇਸ਼ ਨਾਲ ਹੋਵੇਗਾ।
ਪੜ੍ਹੋ ਪੂਰੀ ਖ਼ਬਰ :ਮਨਿਸਟਰਜ਼ ਫ਼ਲਾਇੰਗ ਸਕੁਐਡ ਵਲੋਂ 5 ਲੀਟਰ ਡੀਜ਼ਲ ਚੋਰੀ ਕਰਦਾ ਡਰਾਈਵਰ ਕਾਬੂ
ਜਕਾਰਤਾ ’ਚ 2018 ਏਸ਼ੀਆਈ ਖੇਡਾਂ ’ਚ ਚਾਂਦੀ ਦਾ ਤਮਗਾ ਜਿੱਤਣ ਮਗਰੋਂ ਭਾਰਤੀ ਜ਼ਨਾਨਾ ਟੀਮ ਦੀ ਨਜ਼ਰ ਸੋਨ ਤਗਮੇ ’ਤੇ ਹੋਵੇਗੀ। ਭਾਰਤੀ ਜ਼ਨਾਨਾ ਟੀਮ ਦੀ ਕਪਤਾਨ ਸਵਿਤਾ ਨੇ ਕਿਹਾ, ‘‘ਸਾਨੂੰ ਸਾਡੇ ਪੂਲ ’ਚ ਕੁਝ ਮਜ਼ਬੂਤ ਟੀਮਾਂ ਨਾਲ ਜੋੜਿਆ ਗਿਆ ਹੈ। ਸਾਨੂੰ ਮੁਕਾਬਲੇ ਚੰਗਾ ਨਤੀਜਾ ਮਿਲਣ ਦਾ ਭਰੋਸਾ ਹੈ।’’
ਉਨ੍ਹਾਂ ਕਿਹਾ, ‘‘ਹਾਂਗਜ਼ੂ ਏਸ਼ੀਅਨ ਖੇਡਾਂ ਇਕ ਮਹੱਤਵਪੂਰਨ ਈਵੈਂਟ ਹੈ। ਇਸ ਦਾ ਮਹੱਤਵ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਇਹ ਉਲੰਪਿਕ ਯੋਗਤਾ ਯਕੀਨੀ ਬਣਾਏਗਾ। ਸਾਰੇ ਖਿਡਾਰੀ ਖੇਡਾਂ ’ਚ ਅਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੇ ਸਾਂਝੇ ਟੀਚੇ ਨਾਲ ਇਕਜੁਟ ਹਨ। ਜੇਕਰ ਅਸੀਂ ਅਜਿਹਾ ਕਰ ਸਕਦੇ ਹਾਂ ਤਾਂ ਉਮੀਦ ਹੈ ਕਿ ਅਸੀਂ ਪੋਡੀਅਮ ’ਤੇ ਅਪਣੀ ਮੁਹਿੰਮ ਨੂੰ ਖਤਮ ਕਰ ਲਵਾਂਗੇ, ਭਾਵੇਂ ਅਸੀਂ ਮੁਕਾਬਲੇ ’ਚ ਕਿਸੇ ਵੀ ਟੀਮ ਦਾ ਸਾਹਮਣਾ ਕਰੀਏ।’’
ਮਰਦਾਨਾ ਟੀਮ ਦਾ ਫਾਈਨਲ 6 ਅਕਤੂਬਰ ਨੂੰ ਖੇਡਿਆ ਜਾਵੇਗਾ ਜਦਕਿ ਜ਼ਨਾਨਾ ਫਾਈਨਲ ਇਕ ਦਿਨ ਬਾਅਦ ਖੇਡਿਆ ਜਾਵੇਗਾ।