
ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੇ ਲਿਆ ਫ਼ੈਸਲਾ
ਨਵੀਂ ਦਿੱਲੀ : ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੇ ਸੜਕ ਹਾਦਸਿਆਂ ਨੂੰ ਰੋਕਣ ਅਤੇ ਘਟਾਉਣ ਲਈ ਕਈ ਉਪਾਅ ਕੀਤੇ ਹਨ। ਕਈ ਦੇਸ਼ਾਂ ਨੇ ਸਖ਼ਤੀ ਦਾ ਸਹਾਰਾ ਲਿਆ ਹੈ ਜਦੋਂ ਕਿ ਕਈਆਂ ਨੇ ਲਾਲਚ ਦੇ ਕੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਇਟਲੀ ਸਰਕਾਰ ਨੇ ਸੜਕ ਹਾਦਸਿਆਂ ਨੂੰ ਰੋਕਣ ਲਈ ਇੱਕ ਨਿਵੇਕਲੀ ਯੋਜਨਾ ਸ਼ੁਰੂ ਕੀਤੀ ਹੈ।
ਇਸ ਤਹਿਤ ਜੇਕਰ ਤੁਸੀਂ ਕਿਸੇ ਕਲੱਬ ਜਾਂ ਬਾਰ 'ਚ ਜ਼ਿਆਦਾ ਸ਼ਰਾਬ ਪੀਤੀ ਹੈ ਤਾਂ ਸਰਕਾਰ ਅਜਿਹੇ ਸ਼ਰਾਬੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਦੇਵੇਗੀ। ਉਨ੍ਹਾਂ ਨੂੰ ਟੈਕਸੀ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ, ਜਿਸ ਦੇ ਬਦਲੇ ਸ਼ਰਾਬ ਪੀਣ ਵਾਲਿਆਂ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ, ਸਗੋਂ ਟੈਕਸੀ ਦਾ ਕਿਰਾਇਆ ਵੀ ਸਰਕਾਰ ਅਦਾ ਕਰੇਗੀ। ਇਸ ਨੂੰ ਇੱਕ ਮਹੀਨੇ ਲਈ ਪਾਇਲਟ ਪ੍ਰੋਜੈਕਟ ਵਜੋਂ ਲਾਗੂ ਕੀਤਾ ਜਾ ਰਿਹਾ ਹੈ। ਜੇਕਰ ਸਫਲ ਹੋ ਜਾਂਦਾ ਹੈ, ਤਾਂ ਇਸਨੂੰ ਹਮੇਸ਼ਾ ਲਈ ਲਾਗੂ ਕੀਤਾ ਜਾ ਸਕਦਾ ਹੈ।
ਇਟਲੀ ਸਰਕਾਰ ਦੀ ਇਹ ਯੋਜਨਾ ਅਗਲੇ ਕੁਝ ਦਿਨਾਂ ਵਿਚ ਲਾਗੂ ਹੋ ਜਾਵੇਗੀ। ਇਸ ਤਹਿਤ ਸਰਕਾਰ ਸ਼ਰਾਬੀਆਂ ਨੂੰ ਮੁਫ਼ਤ ਟੈਕਸੀ ਦੀ ਸਹੂਲਤ ਦਿਤੀ ਜਾਵੇਗੀ। ਅਜਿਹਾ ਸੜਕ ਹਾਦਸਿਆਂ ਨੂੰ ਘੱਟ ਕਰਨ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ। ਫਿਲਹਾਲ ਇਹ ਪਾਇਲਟ ਪ੍ਰੋਜੈਕਟ ਸਤੰਬਰ ਦੇ ਅੱਧ ਤੱਕ ਚੱਲੇਗਾ।
ਇਸ ਪਾਇਲਟ ਪ੍ਰੋਜੈਕਟ ਦੇ ਤਹਿਤ ਪੁਗਲੀਆ ਤੋਂ ਤੁਸਿਆਨੀ ਅਤੇ ਵੇਨੇਟੋ ਖੇਤਰਾਂ ਤੱਕ ਕੁੱਲ 6 ਨਾਈਟ ਕਲੱਬਾਂ ਨੂੰ ਇਸ ਸਮੇਂ ਸ਼ਾਮਲ ਕੀਤਾ ਜਾ ਰਿਹਾ ਹੈ। ਦਰਅਸਲ, ਸਾਲ 2020 ਦੇ ਇੱਕ ਅੰਕੜੇ ਤੋਂ ਪਤਾ ਚੱਲਦਾ ਹੈ ਕਿ ਯੂਰਪ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਇਟਲੀ ਵਿੱਚ ਸੜਕ ਦੁਰਘਟਨਾਵਾਂ ਵੱਧ ਹਨ, ਜਿਸ ਵਿੱਚ ਜ਼ਿਆਦਾ ਸ਼ਰਾਬ ਪੀਣਾ ਇੱਕ ਵੱਡਾ ਕਾਰਨ ਹੈ।
ਇਟਲੀ ਵਿਚ ਉਨ੍ਹਾਂ ਸ਼ਰਾਬੀਆਂ ਨੂੰ ਮੁਫਤ ਕੈਬ ਦੀ ਸਹੂਲਤ ਦਿਤੀ ਜਾਵੇਗੀ ਜੋ ਕਾਬੂ ਤੋਂ ਬਾਹਰ ਹੋ ਜਾਣਗੇ ਯਾਨੀ ਜੋ ਸ਼ਰਾਬ ਪੀ ਕੇ ਤੁਰ ਨਹੀਂ ਸਕਣਗੇ। ਅਜਿਹੇ ਸ਼ਰਾਬੀਆਂ ਨੂੰ ਕਲੱਬ ਤੋਂ ਬਾਹਰ ਨਿਕਲਦੇ ਹੀ ਮੁਫਤ ਕੈਬ ਦੀ ਸਹੂਲਤ ਤੁਰੰਤ ਉਪਲਬਧ ਕਰਵਾਈ ਜਾਵੇਗੀ। ਇਸ ਦਾ ਖਰਚਾ ਇਟਲੀ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਚੁੱਕਿਆ ਜਾਵੇਗਾ।