
Kerala News: ਫੌਜ ਦੀ ਦਖਣੀ ਕਮਾਂਡ ਨੇ ਹਾਲ ਹੀ ’ਚ ਬੱਚੇ ਦੀ ਚਿੱਠੀ ਅਤੇ ਇਸ ਦੇ ਜਵਾਬ ਨੂੰ ‘ਐਕਸ’ ’ਤੇ ਪੋਸਟ ਕੀਤਾ ਹੈ
Kerala News: ਜ਼ਮੀਨ ਖਿਸਕਣ ਨਾਲ ਪ੍ਰਭਾਵਤ ਵਾਇਨਾਡ ’ਚ ਬਚਾਅ ਕਾਰਜਾਂ ’ਚ ਲੱਗੇ ਜਵਾਨਾਂ ਦੀ ਸ਼ਲਾਘਾ ਕਰਦਿਆਂ ਇਕ ਸਕੂਲੀ ਵਿਦਿਆਰਥੀ ਵਲੋਂ ਲਿਖੀ ਚਿੱਠੀ ਨੇ ਭਾਰਤੀ ਫੌਜ ਦਾ ਦਿਲ ਜਿੱਤ ਲਿਆ ਹੈ ਅਤੇ ਫ਼ੌਜ ਨੇ ਅਪਣੇ ਸੋਸ਼ਲ ਮੀਡੀਆ ਹੈਂਡਲ ਜ਼ਰੀਏ ਦਿਲ ਨੂੰ ਛੂਹਣ ਵਾਲਾ ਜਵਾਬ ਦਿਤਾ ਹੈ।
ਫੌਜ ਦੀ ਦਖਣੀ ਕਮਾਂਡ ਨੇ ਹਾਲ ਹੀ ’ਚ ਬੱਚੇ ਦੀ ਚਿੱਠੀ ਅਤੇ ਇਸ ਦੇ ਜਵਾਬ ਨੂੰ ‘ਐਕਸ’ ’ਤੇ ਪੋਸਟ ਕੀਤਾ ਹੈ। ਕੇਰਲ ਦੇ ਇਸ ਉੱਤਰੀ ਜ਼ਿਲ੍ਹੇ ਦੇ ਏ.ਐਮ.ਐਲ.ਪੀ. ਸਕੂਲ ਦੇ ਤੀਜੀ ਜਮਾਤ ਦੇ ਵਿਦਿਆਰਥੀ ਰਿਆਨ ਨੇ ਅਪਣੀ ਸਕੂਲ ਡਾਇਰੀ ਵਿਚ ਇਕ ਚਿੱਠੀ ਵਿਚ ਕਿਹਾ ਕਿ ਉਹ ਮਲਬੇ ਹੇਠਾਂ ਫਸੇ ਲੋਕਾਂ ਨੂੰ ਬਚਾਉਂਦੇ ਹੋਏ ਫੌਜ ਦੇ ਜਵਾਨਾਂ ਨੂੰ ਵੇਖ ਕੇ ਮਾਣ ਅਤੇ ਖੁਸ਼ੀ ਮਹਿਸੂਸ ਕਰ ਰਿਹਾ ਹੈ।
ਬੱਚੇ ਨੇ ਮਲਿਆਲਮ ’ਚ ਲਿਖੀ ਚਿੱਠੀ ’ਚ ਕਿਹਾ, ‘‘ਮੈਂ ਰਿਆਨ ਹਾਂ। ਮੇਰਾ ਪਿਆਰਾ ਵਾਇਨਾਡ ਇਕ ਭਾਰੀ ਜ਼ਮੀਨ ਖਿਸਕਣ ਨਾਲ ਤਬਾਹ ਅਤੇ ਤਬਾਹੀ ਦਾ ਸ਼ਿਕਾਰ ਹੋ ਗਿਆ ਸੀ। ਮੈਨੂੰ ਇਹ ਵੇਖ ਕੇ ਮਾਣ ਅਤੇ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਮਲਬੇ ’ਚ ਫਸੇ ਲੋਕਾਂ ਨੂੰ ਬਚਾ ਰਹੇ ਹੋ।’’
ਉਸ ਨੇ ਇਕ ਵੀਡੀਉ ਦਾ ਹਵਾਲਾ ਦਿਤਾ, ਜਿਸ ’ਚ ਫ਼ੌਜੀ ਜ਼ਮੀਨ ਖਿਸਕਣ ਨਾਲ ਤਬਾਹ ਹੋਏ ਇਲਾਕੇ ’ਚ ਪੁਲ ਬਣਾਉਣ ਦੌਰਾਨ ਅਪਣੀ ਭੁੱਖ ਮਿਟਾਉਣ ਲਈ ਬਿਸਕੁਟ ਖਾਂਦੇ ਨਜ਼ਰ ਆ ਰਹੇ ਹਨ। ਬੱਚੇ ਨੇ ਕਿਹਾ ਕਿ ਇਸ ਸੀਨ ਨੇ ਉਸ ਨੂੰ ਬਹੁਤ ਪ੍ਰਭਾਵਤ ਕੀਤਾ ਹੈ।
ਰਿਆਨ ਨੇ ਇਕ ਦਿਨ ਭਾਰਤੀ ਫੌਜ ਵਿਚ ਸ਼ਾਮਲ ਹੋਣ ਅਤੇ ਦੇਸ਼ ਦੀ ਰੱਖਿਆ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ।
ਉਸ ਨੇ ਚਿੱਠੀ ’ਚ ਲਿਖਿਆ, ‘‘ਉਸ ਦ੍ਰਿਸ਼ ਨੇ ਮੈਨੂੰ ਇੰਨਾ ਪ੍ਰਭਾਵਤ ਕੀਤਾ ਕਿ ਮੈਂ ਇਕ ਦਿਨ ਭਾਰਤੀ ਫੌਜ ਵਿਚ ਭਰਤੀ ਹੋਣਾ ਚਾਹੁੰਦਾ ਹਾਂ ਅਤੇ ਅਪਣੇ ਦੇਸ਼ ਦੀ ਰੱਖਿਆ ਕਰਨਾ ਚਾਹੁੰਦਾ ਹਾਂ।’’
ਇਹ ਚਿੱਠੀ ਸੋਸ਼ਲ ਮੀਡੀਆ ’ਤੇ ਵਿਆਪਕ ਤੌਰ ’ਤੇ ਫੈਲਣ ’ਤੇ ਭਾਰਤੀ ਫੌਜ ਨੇ 3 ਅਗੱਸਤ ਨੂੰ ‘ਐਕਸ’ ’ਤੇ ਵਿਦਿਆਰਥੀ ਨੂੰ ਜਵਾਬ ਦਿਤਾ ਸੀ। ਫੌਜ ਨੇ ਮੁੰਡੇ ਨੂੰ ‘ਯੋਧਾ’ ਦਸਦੇ ਹੋਏ ਕਿਹਾ ਕਿ ਉਸ ਦੇ ‘ਭਾਵੁਕ ਸ਼ਬਦ’ ਉਸ ਦੇ ਦਿਲ ਨੂੰ ਛੂਹ ਗਏ।
ਦਖਣੀ ਕਮਾਨ ਨੇ ਕਿਹਾ, ‘‘ਪਿਆਰੇ ਮਾਸਟਰ ਰਿਆਨ, ਤੁਹਾਡੇ ਦਿਲ ਨੂੰ ਛੂਹਣ ਵਾਲੇ ਸ਼ਬਦਾਂ ਨੇ ਸਾਡੇ ਦਿਲਾਂ ਨੂੰ ਛੂਹ ਲਿਆ ਹੈ। ਮੁਸੀਬਤਾਂ ਦੇ ਸਮੇਂ ਸਾਡਾ ਟੀਚਾ ਉਮੀਦ ਦੀ ਕਿਰਨ ਬਣਨਾ ਹੈ, ਅਤੇ ਤੁਹਾਫੀ ਚਿੱਠੀ ਉਸ ਟੀਚੇ ਦੀ ਪੁਸ਼ਟੀ ਕਰਦਾ ਹੈ। ਤੁਹਾਡੇ ਵਰਗੇ ਹੀਰੋ ਸਾਨੂੰ ਬਿਹਤਰੀਨ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਅਸੀਂ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ ਜਦੋਂ ਤੁਸੀਂ ਵਰਦੀ ਪਹਿਨੋਗੇ ਅਤੇ ਸਾਡੇ ਨਾਲ ਖੜ੍ਹੇ ਹੋਵੋਗੇ। ਅਸੀਂ ਮਿਲ ਕੇ ਅਪਣੇ ਦੇਸ਼ ਨੂੰ ਮਾਣ ਦਿਵਾਵਾਂਗੇ। ਤੁਹਾਡੀ ਹਿੰਮਤ ਅਤੇ ਪ੍ਰੇਰਣਾ ਲਈ ਨੌਜੁਆਨ ਯੋਧਿਆਂ ਦਾ ਧੰਨਵਾਦ।’’