
ਆਖ਼ਰ ਧੀ ਦੀ 'ਮਮਤਾ' ਆਈ ਕੰਮ
ਤੇਲੰਗਾਨਾ: ਕੋਰੋਨਾ ਵਾਇਰਸ ਮਹਾਂਮਾਰੀ ਨੇ ਕਈ ਥਾਈ ਮਨੁੱਖੀ ਰਿਸ਼ਤਿਆਂ ਨੂੰ ਵੀ ਤਾਰ ਤਾਰ ਕਰ ਕੇ ਰੱਖ ਦਿਤਾ ਹੈ। ਤੇਲੰਗਾਨਾ 'ਚ ਇਨਸਾਨ ਦਾ ਅਣਮਨੁੱਖੀ ਚਿਹਰਾ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਕਰੋਨਾ ਤੋਂ ਪੀੜਤ ਹੋਣ 'ਤੇ 4 ਪੁੱਤਰ ਅਪਣੀ ਮਾਂ ਨੂੰ ਖੇਤਾਂ 'ਚ ਛੱਡ ਕੇ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਕ 82 ਸਾਲਾ ਬਜ਼ੁਰਗ ਬੀਬੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆ ਗਈ। ਇਸ ਬਾਰੇ ਜਦੋਂ ਬਜ਼ੁਰਗ ਮਾਂ ਦੇ 4 ਪੁੱਤਰਾਂ ਨੂੰ ਪਤਾ ਚਲਿਆ ਤਾਂ ਉਹ ਘਬਰਾ ਗਏ।
File Photo
ਚਾਰੇ ਪੁੱਤਰਾਂ ਨੇ ਪਹਿਲਾਂ ਬਜ਼ੁਰਗ ਮਾਂ ਨੂੰ ਘਰ ਦੇ ਬਾਹਰ ਇਕ ਖੇਤ 'ਚ ਵੱਖਰੇ ਛੱਪਰ 'ਚ ਰਹਿਣ ਲਈ ਮਜ਼ਬੂਰ ਕੀਤਾ। ਜਦੋਂ ਪੁੱਤਰਾਂ ਨੂੰ ਇੰਨੇ ਨਾਲ ਵੀ ਚੈਨ ਨਹੀਂ ਮਿਲਿਆ ਤਾਂ ਉਹ ਬਜ਼ੁਰਗ ਮਾਂ ਨੂੰ ਵਾਰੰਗਲ 'ਚ ਛੱਡ ਕੇ ਉੱਥੋਂ ਚੱਲੇ ਗਏ। ਬੀਬੀ ਬਿਨਾਂ ਵਾਕਰ ਦੇ ਚੱਲ ਵੀ ਨਹੀਂ ਪਾਉਂਦੀ ਹੈ, ਫਿਰ ਵੀ ਚਾਰਾਂ ਨੇ ਉਸ ਨੂੰ ਇਸੇ ਤਰ੍ਹਾਂ ਲਾਚਾਰ ਹਾਲਤ 'ਚ ਛੱਡ ਦਿਤਾ।
Corona virus
ਚਾਰੇ ਪੁੱਤਰਾਂ ਨੇ ਮਾਂ ਨੂੰ ਵੇਲਰੂ ਮੰਡਲ ਦੇ ਪੀਚਾਰਾ ਪਿੰਡ 'ਚ ਖੇਤ 'ਚ ਬਣੇ ਖੂਹ ਕੋਲ ਛੱਡ ਦਿਤਾ। ਪੁੱਤਾਂ ਤੋਂ ਇਲਾਵਾ ਬਜ਼ੁਰਗ ਮਾਤਾ ਦੀ ਇਕ ਧੀ ਵੀ ਹੈ। ਜਦੋਂ ਉਸ ਨੂੰ ਭਰਾਵਾਂ ਦੇ ਇਸ ਅਣਮਨੁੱਖੀ ਕਾਰੇ ਬਾਰੇ ਜਾਣਕਾਰੀ ਮਿਲੀ ਤਾਂ ਉਹ ਅਪਣੀ ਬੁੱਢੀ ਮਾਂ ਦੀ ਦੇਖਭਾਲ ਲਈ ਪਿੰਡ ਪਹੁੰਚੀ ਅਤੇ ਉਸ ਨੇ ਅਪਣੀ ਮਾਂ ਨੂੰ ਸੰਭਾਲ ਲਿਆ।