ਰੱਖਿਆ ਮੰਤਰੀ ਨੇ ਮਕਬੂਜ਼ਾ ਕਸ਼ਮੀਰ ਦੇ ਵਾਸੀਆਂ ਨੂੰ ਕਿਹਾ ਕਿ ਅਸੀਂ ਤਾਂ ਤੁਹਾਨੂੰ ਸ਼ੁਰੂ ਤੋਂ ਹੀ ਅਪਣਾ ਮੰਨਦੇ ਹਾਂ ,ਜਦੋਂਕਿ ਪਾਕਿਸਤਾਨ ਤੁਹਾਨੂੰ ਵਿਦੇਸ਼ੀ ਸਮਝਦਾ ਹੈ
Rajnath Singh : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਨਾਗਰਿਕਾਂ ਨੂੰ ਭਾਰਤ ਆਉਣ ਤੇ ਇਸ ਦਾ ਹਿੱਸਾ ਬਣਨ ਦਾ ਸੱਦਾ ਦਿਤਾ ਹੈ। ਕੌਮਾਂਤਰੀ ਸਿਆਸਤ ’ਚ ਇਸ ਬਿਆਨ ਦਾ ਵੱਡਾ ਮਹੱਤਵ ਹੈ। ਰੱਖਿਆ ਮੰਤਰੀ ਨੇ ਅੱਜ ਇਥੇ ਇਕ ਚੋਣ ਰੈਲੀ ਸੰਬੋਧਨ ਕਰਦਿਆਂ ਮਕਬੂਜ਼ਾ ਕਸ਼ਮੀਰ ਦੇ ਵਾਸੀਆਂ ਨੂੰ ਕਿਹਾ ਕਿ ਅਸੀਂ ਤਾਂ ਤੁਹਾਨੂੰ ਸ਼ੁਰੂ ਤੋਂ ਹੀ ਅਪਣਾ ਮੰਨਦੇ ਹਾਂ ,ਜਦੋਂਕਿ ਪਾਕਿਸਤਾਨ ਤੁਹਾਨੂੰ ਵਿਦੇਸ਼ੀ ਸਮਝਦਾ ਹੈ।
ਭਾਜਪਾ ਦੇ ਉਮੀਦਵਾਰ ਰਾਕੇਸ਼ ਸਿੰਘ ਠਾਕੁਰ ਦੇ ਸਮਰਥਨ ਵਿਚ ਰਾਮਬਨ ਵਿਧਾਨ ਸਭਾ ਖੇਤਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਧਾਰਾ-370 ਨੂੰ ਬਹਾਲ ਕਰਨ ਦੇ ਚੁਣਾਵੀ ਵਾਅਦੇ ਨੂੰ ਲੈ ਕੇ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜਦੋਂ ਤੱਕ ਭਾਜਪਾ ਹੈ, ਅਜਿਹਾ ਨਾਮੁਮਕਿਨ ਹੈ।
ਰਾਜਸਥਾਨ ਨੇ ਅਗੱਸਤ 2019 ਵਿਚ ਧਾਰਾ-370 ਰੱਦ ਕੀਤੇ ਜਾਣ ਮਗਰੋਂ ਜੰਮੂ-ਕਸ਼ਮੀਰ ’ਚ ਸੁਰੱਖਿਆ ਦੇ ਹਾਲਾਤ ਸੁਧਰਨ ਨਾਲ ਆਈ ਵੱਡੀ ਤਬਦੀਲੀ ਦਾ ਸਵਾਗਤ ਵੀ ਕੀਤਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਨੌਜਵਾਨਾਂ ਕੋਲ ਹੁਣ ਪਿਸਤੌਲਾਂ ਤੇ ਰਿਵਾਲਵਰਾਂ ਦੀ ਥਾਂ ਲੈਪਟਾਪ ਤੇ ਕੰਪਿਊਟਰ ਹਨ। ਉਨ੍ਹਾਂ ਕਿਹਾ ਕਿ ਸਥਾਨਕ ਹਾਲਾਤ ’ਚ ਹੋਰ ਸੁਧਾਰ ਲਿਆਉਣ ਲਈ ਭਾਜਪਾ ਨੂੰ ਜਿਤਾਉਣਾ ਜ਼ਰੂਰੀ ਹੈ। ਤਦ ਇਥੇ ਇੰਨਾ ਵਿਕਾਸ ਹੋਵੇਗਾ ਕਿ ਮਕਬੂਜ਼ਾ ਕਸ਼ਮੀਰ ਦੇ ਲੋਕ ਕਹਿਣਗੇ ਕਿ ਅਸੀਂ ਹੁਣ ਪਾਕਿਸਤਾਨ ’ਚ ਨਹੀਂ ਰਹਿਣਾ, ਅਸੀਂ ਭਾਰਤ ਚਲੇ ਜਾਵਾਂਗੇ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਪਾਕਿਸਤਾਨ ਵਿਚ ਐਡੀਸ਼ਨਲ ਸਾਲਿਸਟਰ ਜਨਰਲ ਨੇ ਪਿਛੇ ਜਿਹੇ ਇਕ ਹਲਫ਼ਨਾਮਾ ਦਾਇਰ ਕਰਕੇ ਸਾਫ਼ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ ਇਕ ਵਿਦੇਸ਼ੀ ਧਰਤੀ ਹੈ।
ਰਾਜਨਾਥ ਸਿੰਘ ਨੇ ਕਿਹਾ ਕਿ ਉਹ ਮਕਬੂਜ਼ਾ ਕਸ਼ਮੀਰ ਦੇ ਨਾਗਰਿਕਾਂ ਨੂੰ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਪਾਕਿਸਤਾਨ ਦੀ ਸਰਕਾਰ ਤਾਂ ਤੁਹਾਨੂੰ ਵਿਦੇਸ਼ੀ ਸਮਝਦੀ ਰਹੀ ਹੈ ਪਰ ਭਾਰਤ ਦੇ ਲੋਕ ਤੁਹਾਨੂੰ ਅਜਿਹਾ ਨਹੀਂ ਮੰਨਦੇ। ਅਸੀਂ ਤੁਹਾਨੂੰ ਅਪਣਾ ਮੰਨਦੇ ਹਾਂ, ਇਸ ਲਈ ਆਓ ਅਤੇ ਸਾਡਾ ਹਿੱਸਾ ਬਣੋ।