
ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਲਿਮਟਿਡ ਦੀਆਂ ਤਕਨੀਕੀ ਟੀਮਾਂ ਨੇ ਜੰਗੀ ਪੱਧਰ ਉਤੇ ਕੰਮ ਕੀਤਾ
ਮੰਡੀ : ਬਿਜਲੀ ਬੋਰਡ ਮੰਡੀ ਦੇ ਕਾਰਜਕਾਰੀ ਇੰਜੀਨੀਅਰ ਰਾਜੇਸ਼ ਕੁਮਾਰ ਨੇ ਦਸਿਆ ਕਿ ਹਾਲ ਹੀ ’ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ 9 ਮੀਲ (ਪੰਡੋਹ) ਖੇਤਰ ਨੇੜੇ 132 ਕੇ.ਵੀ. ਡਬਲ ਸਰਕਟ (ਬਿਜਨੀ-ਲਾਰਜੀ-ਕਾਗੂ) ਵਾਧੂ ਹਾਈ ਵੋਲਟੇਜ ਲਾਈਨ ਦਾ ਟਾਵਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਇਹ ਲਾਈਨ ਮੰਡੀ ਬਿਜਲੀ ਬੋਰਡ ਦਾ ਮੁੱਖ ਸਪਲਾਈ ਸਰੋਤ ਸੀ, ਜਿਸ ਨੂੰ ਨੁਕਸਾਨ ਪਹੁੰਚਿਆ ਸੀ ਜਿਸ ਕਾਰਨ ਇਲਾਕੇ ਵਿਚ ਬਿਜਲੀ ਸਪਲਾਈ ਵਿਚ ਵਿਆਪਕ ਵਿਘਨ ਪਿਆ ਸੀ।
ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਲਿਮਟਿਡ ਦੀਆਂ ਤਕਨੀਕੀ ਟੀਮਾਂ ਨੇ ਜੰਗੀ ਪੱਧਰ ਉਤੇ ਕੰਮ ਕਰਦਿਆਂ ਇਸ ਲਾਈਨ ਦੀ ਮੁਰੰਮਤ ਦਾ ਕੰਮ ਸਫਲਤਾਪੂਰਵਕ ਪੂਰਾ ਕਰ ਲਿਆ ਹੈ ਅਤੇ ਇਸ ਨੂੰ ਅੱਜ ਚਾਲੂ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਮੰਡੀ ਡਵੀਜ਼ਨ ਨੂੰ ਸ਼ੰਨਨ-ਬਿਜਨੀ 66 ਕੇ.ਵੀ. ਲਾਈਨ ਅਤੇ 33 ਕੇ.ਵੀ. ਰੱਤੀ-ਮੈਡੀਕਲ ਕਾਲਜ-ਬਰਸੂ-ਬਿਜਨੀ ਲਾਈਨ ਰਾਹੀਂ ਬਦਲਵੇਂ ਸਰੋਤਾਂ ਰਾਹੀਂ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਇਨ੍ਹਾਂ ਕੋਸ਼ਿਸ਼ਾਂ ਨਾਲ ਮੰਡੀ ਖੇਤਰ ’ਚ ਬਿਜਲੀ ਸਪਲਾਈ ਦੀ ਸਥਿਤੀ ਹੁਣ ਆਮ ਹੋ ਗਈ ਹੈ।
ਕਾਰਜਕਾਰੀ ਇੰਜੀਨੀਅਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਲਿਮਟਿਡ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਨੇ ਬਿਜਲੀ ਮੰਡਲ ਮੰਡੀ ਦੇ ਸਾਰੇ ਖਪਤਕਾਰਾਂ ਦਾ ਇਸ ਮੁਸ਼ਕਲ ਸਮੇਂ ਵਿਚ ਸਹਿਯੋਗ ਅਤੇ ਸਬਰ ਲਈ ਧੰਨਵਾਦ ਕੀਤਾ।