
ਮੁੰਬਈ ਤੋਂ ਕਾਂਗਰਸੀ ਵਿਧਾਇਕ ਅਸਲਮ ਸ਼ੇਖ ਨੂੰ ਜਾਨੋਂ ਮਾਰਨ ਦੀ ਧਮਕੀ, ਯੂ.ਪੀ. ਦੇ ਵਪਾਰੀ ਕੋਲੋਂ ਮੰਗੇ 2 ਕਰੋੜ ਰੁਪਏ
ਨਵੀਂ ਦਿੱਲੀ/ਮੁੰਬਈ, 8 ਅਕਤੂਬਰ: ਇਕ ਕੌਮਾਂਤਰੀ ਨੰਬਰ ਤੋਂ ਕਾਲ ਕਰ ਕੇ ਖ਼ੁਦ ਨੂੰ ਗੋਲਡੀ ਬਰਾੜ ਦੱਸਣ ਵਾਲੇ ਇਕ ਵਿਅਕਤੀ ਨੇ ਮਹਾਰਾਸ਼ਟਰ ਦੇ ਕਾਂਗਰਸੀ ਵਿਧਾਇਕ ਅਤੇ ਉਤਰ ਪ੍ਰਦੇਸ਼ ਦੇ ਇਕ ਵਪਾਰੀ ਤੋਂ ਕਥਿਤ ਤੌਰ ’ਤੇ ਫਿਰੌਤੀ ਦੀ ਮੰਗ ਕੀਤੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿਤੀ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਮਾਮਲੇ ’ਚ ਐਫ.ਆਈ.ਆਰ. ਦਰਜ ਕੀਤੀ ਹੈ।
ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਲੋੜੀਂਦਾ ਅਪਰਾਧੀ ਹੈ। ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਵੀ ਲੋੜੀਂਦਾ ਹੈ। ਮੁੰਬਈ ਕਾਂਗਰਸ ਦੇ ਵਿਧਾਇਕ ਅਸਲਮ ਸ਼ੇਖ ਨੂੰ ਇਕ ਅਣਪਛਾਤੇ ਵਿਅਕਤੀ ਵਲੋਂ ਖੁਦ ਨੂੰ ਗੈਂਗਸਟਰ ਗੋਲਡੀ ਬਰਾੜ ਦੱਸ ਕੇ ਜਾਨੋਂ ਮਾਰਨ ਦੀ ਧਮਕੀ ਦਿਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਵੀਰਵਾਰ ਨੂੰ ਸ਼ੇਖ ਦੇ ਨਿੱਜੀ ਸਹਾਇਕ ਅਤੇ ਵਕੀਲ ਵਿਕਰਮ ਕਪੂਰ ਨੂੰ ਫੋਨ ਆਇਆ ਜਦੋਂ ਸਾਬਕਾ ਮੰਤਰੀ ਮੁੰਬਈ ਨਗਰ ਨਿਗਮ ਦਫਤਰ ’ਚ ਮੌਜੂਦ ਸਨ। ਫੋਨ ਕਰਨ ਵਾਲੇ ਨੇ ਅਪਣੀ ਪਛਾਣ ਗੈਂਗਸਟਰ ਗੋਲਡੀ ਬਰਾੜ ਵਜੋਂ ਦੱਸੀ ਅਤੇ ਸ਼ੇਖ ਦੇ ਨਿੱਜੀ ਸਹਾਇਕ ਨੂੰ ਕਿਹਾ ਕਿ ਦੋ ਦਿਨਾਂ ’ਚ ਵਿਧਾਇਕ ਨੂੰ ਗੋਲੀ ਮਾਰ ਦਿਤੀ ਜਾਵੇਗੀ ਅਤੇ ਫੋਨ ਕੱਟ ਦਿਤਾ ਜਾਵੇਗਾ।
ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ’ਚ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਫ਼ੋਨ ਕਾਲ ਕਰਨ ਵਾਲੇ ਵਿਅਕਤੀ ਨੂੰ ਲੱਭਣ ਲਈ ਇਕ ਟੀਮ ਬਣਾਈ ਗਈ ਹੈ। ਸ਼ੇਖ ਮੌਜੂਦਾ ਮਹਾਰਾਸ਼ਟਰ ਵਿਧਾਨ ਸਭਾ ’ਚ ਮੁੰਬਈ ਦੀ ਮਲਾਡ ਸੀਟ ਤੋਂ ਵਿਧਾਇਕ ਹਨ। ਉਹ ਪਿਛਲੀ ਮਹਾ ਵਿਕਾਸ ਅਗਾੜੀ ਸਰਕਾਰ ’ਚ ਮੁੰਬਈ ਦੇ ਇੰਚਾਰਜ ਮੰਤਰੀ ਸਨ।
ਜਦਕਿ ਯੂ.ਪੀ. ’ਚ ਦਰਜ ਐਫ.ਆਈ.ਆਰ. ਅਨੁਸਾਰ, ਸ਼ਿਕਾਇਤਕਰਤਾ ਨੂੰ 10 ਸਤੰਬਰ ਨੂੰ ਸ਼ਾਮ 6 ਵਜੇ ਵਟਸਐਪ ’ਤੇ ਇਕ ਕੌਮਾਂਤਰੀ ਨੰਬਰ ਤੋਂ ਪਹਿਲੀ ਕਾਲ ਆਈ। ਐਫ.ਆਈ.ਆਰ. ’ਚ ਕਿਹਾ ਗਿਆ ਹੈ ਕਿ ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਗੋਲਡੀ ਬਰਾੜ ਵਜੋਂ ਪੇਸ਼ ਕੀਤਾ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ। ਇਕ ਅਧਿਕਾਰੀ ਨੇ ਦਸਿਆ ਕਿ ਸ਼ਿਕਾਇਤਕਰਤਾ ਨੇ ਸ਼ੁਰੂ ’ਚ ਸੋਚਿਆ ਕਿ ਇਹ ਇਕ ਫ਼ਰਜ਼ੀ ਕਾਲ ਸੀ ਪਰ ਉਸ ਨੂੰ 12 ਸਤੰਬਰ ਨੂੰ ਉਸੇ ਨੰਬਰ ਤੋਂ ਮੁੜ ਕਾਲ ਕੀਤੀ ਗਈ ਅਤੇ ਫ਼ੋਨ ਕਰਨ ਵਾਲੇ ਨੇ ਉਸ ਨੂੰ ਮੁੜ ਧਮਕੀ ਦਿਤੀ। ਉਸ ਨੇ ਕਿਹਾ, ‘‘ਦੂਜੀ ਕਾਲ ਦੌਰਾਨ, ਪਛਮੀ ਉਤਰ ਪ੍ਰਦੇਸ਼ ਦੇ ਇਕ ਕਾਰੋਬਾਰੀ ਨੂੰ 2 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ। ਕਾਰੋਬਾਰੀ ਕੋਲੋਂ ਇਕ ‘ਵੁਆਇਸ ਨੋਟ’ ਵੀ ਮਿਲਿਆ ਜਿਸ ਵਿਚ ਕਾਲ ਕਰਨ ਵਾਲੇ ਨੇ ਅਪਣੀ ਪਛਾਣ ਗੋਲਡੀ ਬਰਾੜ ਵਜੋਂ ਕੀਤੀ।’’
ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਸੁਰੱਖਿਆ ਏਜੰਸੀਆਂ ਨਾਲ ਸਾਂਝੀ ਕੀਤੀ ਗਈ ਹੈ ਕਿਉਂਕਿ ਬਰਾੜ, ਜਿਸ ਦੇ ਇਸ ਵੇਲੇ ਅਮਰੀਕਾ ’ਚ ਲੁਕੇ ਹੋਣ ਦਾ ਸ਼ੱਕ ਹੈ, ਇਕ ਲੋੜੀਂਦਾ ਗੈਂਗਸਟਰ ਹੈ। ਇਸ ਸਾਲ ਜੁਲਾਈ ’ਚ ਇੰਟਰਪੋਲ ਵਲੋਂ ਬਰਾੜ ਵਿਰੁਧ ਰੈੱਡ ਕਾਰਨਰ ਨੋਟਿਸ (ਆਰ.ਐਨ.ਸੀ.) ਵੀ ਜਾਰੀ ਕੀਤਾ ਗਿਆ ਸੀ। ਪੰਜਾਬ ਦੇ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਬਰਾੜ 2017 ’ਚ ਕੈਨੇਡਾ ਚਲਾ ਗਿਆ ਸੀ ਪਰ ਉਹ ਅਮਰੀਕਾ ਦਾ ਦੌਰਾ ਕਰਦਾ ਰਹਿੰਦਾ ਹੈ। ਐਫ.ਆਈ.ਆਰ. ਅਨੁਸਾਰ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਉਹ ਬਹੁਤ ਡਰ ਦੇ ਮਾਹੌਲ ’ਚ ਰਹਿ ਰਿਹਾ ਹੈ ਅਤੇ ਅਪਣੇ ਰੋਜ਼ਾਨਾ ਦੇ ਕੰਮ ਕਰਨ ਤੋਂ ਵੀ ਅਸਮਰਥ ਹੋ ਗਿਆ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ।