
ਹਰਿਆਣਾ ’ਚ ਮੁੱਖ ਵਿਰੋਧੀ ਪਾਰਟੀ ਦੇ ਜਿੱਤ ਤੋਂ ਹਾਰ ਵੱਲ ਵਧਣ ’ਤੇ ਚੁੱਪ ਛਾ ਗਈ
Haryana Election Results 2024 : ਕੌਮੀ ਰਾਜਧਾਨੀ ਦੇ ਲੁਟੀਅਨਜ਼ ਇਲਾਕੇ ’ਚ 24 ਅਕਬਰ ਰੋਡ ’ਤੇ ਸਥਿਤ ਕਾਂਗਰਸ ਹੈੱਡਕੁਆਰਟਰ ’ਚ ਮੰਗਲਵਾਰ ਸਵੇਰੇ ਪਟਾਕੇ, ਢੋਲ ਵਜਾਉਣ ਅਤੇ ਜਲੇਬੀਆਂ ਵੰਡਣ ਨਾਲ ਜਸ਼ਨਾਂ ਦੀ ਸ਼ੁਰੂਆਤ ਹੋਈ ਪਰ ਦੁਪਹਿਰ ਤਕ ਹਰਿਆਣਾ ’ਚ ਮੁੱਖ ਵਿਰੋਧੀ ਪਾਰਟੀ ਦੇ ਜਿੱਤ ਤੋਂ ਹਾਰ ਵਲ ਵਧਣ ’ਤੇ ਚੁੱਪ ਛਾ ਗਈ।
ਹਰਿਆਣਾ ਵਿਧਾਨ ਸਭਾ ਚੋਣਾਂ ਜਿੱਤਣਾ ਨਿਸ਼ਚਿਤ ਮੰਨ ਰਹੇ ਪਾਰਟੀ ਆਗੂਆਂ ਅਤੇ ਵਰਕਰਾਂ ਲਈ ਇਹ ਨਤੀਜੇ ਹੈਰਾਨ ਕਰਨ ਵਾਲੇ ਸਨ ਅਤੇ ਕੁੱਝ ਵਰਕਰਾਂ ਲਈ ਇਹ ਹਜ਼ਮ ਕਰਨਾ ਮੁਸ਼ਕਲ ਸੀ ਕਿ ਕਾਂਗਰਸ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਰੁਧ ਲਗਾਤਾਰ ਤੀਜੀ ਵਾਰ ਹਾਰ ਗਈ।
ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਜਦੋਂ ਰੁਝਾਨਾਂ ’ਚ ਕਾਂਗਰਸ ਹਰਿਆਣਾ ’ਚ ਵੱਡੀ ਲੀਡ ਹਾਸਲ ਕਰ ਰਹੀ ਸੀ ਅਤੇ ਜੰਮੂ-ਕਸ਼ਮੀਰ ’ਚ ਅਪਣੀ ਸਹਿਯੋਗੀ ਨੈਸ਼ਨਲ ਕਾਨਫਰੰਸ ਨਾਲ ਬਹੁਮਤ ਵਲ ਵਧ ਰਹੀ ਸੀ ਤਾਂ ਕਾਂਗਰਸੀ ਵਰਕਰਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿਤਾ। ਕੁੱਝ ਕਾਰਕੁਨਾਂ ਨੇ ਉਤਸ਼ਾਹ ’ਚ ਪਟਾਕੇ ਵੀ ਚਲਾਏ, ਜਦਕਿ ਕੁੱਝ ਨੇ ਜਲੇਬੀਆਂ ਵੀ ਵੰਡੀਆਂ ਅਤੇ ਫਿਰ ਢੋਲ ਨਾਲ ਜਸ਼ਨ ਦਾ ਮਾਹੌਲ ਵੀ ਬਣਾਇਆ ਗਿਆ।
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਦੇ ਜਲੇਬੀ ਨਾਲ ਜੁੜੇ ਬਿਆਨ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਇਸ ਪਿਛੋਕੜ ਵਿਚ ਕਾਂਗਰਸੀ ਵਰਕਰਾਂ ਨੇ ਜਲੇਬੀਆਂ ਵੰਡਣੀਆਂ ਸ਼ੁਰੂ ਕਰ ਦਿਤੀਆਂ। ਪਰ ਵੋਟਾਂ ਦੀ ਗਿਣਤੀ ਤੋਂ ਕਰੀਬ ਡੇਢ ਘੰਟੇ ਬਾਅਦ ਜਦੋਂ ਹਰਿਆਣਾ ’ਚ ਰੁਝਾਨ ਪਲਟਣੇ ਸ਼ੁਰੂ ਹੋਏ ਤਾਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਉਤਸ਼ਾਹ ਘਟਦਾ ਗਿਆ।
ਕਾਂਗਰਸ ਵਰਕਰ ਜਸਵੰਤ ਕੁਮਾਰ ਨੇ ਕਿਹਾ, ‘‘ਅਸੀਂ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਹਰਿਆਣਾ ’ਚ ਅਜਿਹੇ ਨਤੀਜੇ ਆਉਣਗੇ। ਇਹ ਨਤੀਜਾ ਹੈਰਾਨ ਕਰਨ ਵਾਲਾ ਹੈ। ਕਾਰਕੁਨਾਂ ਵਜੋਂ ਇਹ ਸਾਡੇ ਲਈ ਬਹੁਤ ਨਿਰਾਸ਼ਾਜਨਕ ਹੈ।’’
ਜਿਵੇਂ ਹੀ ਕਾਂਗਰਸ ਹੈੱਡਕੁਆਰਟਰ ’ਤੇ ਵਰਕਰਾਂ ਦਾ ਉਤਸ਼ਾਹ ਠੰਢਾ ਹੋਇਆ, ਪਾਰਟੀ ਜਨਰਲ ਸਕੱਤਰ ਮੁਕੁਲ ਵਾਸਨਿਕ ਦੇ ਚੈਂਬਰ ’ਚ ਬੈਠੇ ਕੁੱਝ ਨੇਤਾਵਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਦੀਆਂ ਲਕੀਰਾਂ ਸਾਫ ਵਿਖਾਈ ਦੇ ਰਹੀਆਂ ਸਨ।
ਕਾਂਗਰਸ ਆਗੂ ਦੁਪਹਿਰ ਕਰੀਬ 1 ਵਜੇ ਤਕ ਉਮੀਦ ਕਰਦੇ ਨਜ਼ਰ ਆਏ ਕਿ ਵੋਟਾਂ ਦੀ ਗਿਣਤੀ ਖਤਮ ਹੋਣ ਤਕ ਪਾਰਟੀ ਹਰਿਆਣਾ ’ਚ 46 ਦੇ ਜਾਦੂਈ ਅੰਕੜੇ ਨੂੰ ਛੂਹ ਲਵੇਗੀ, ਹਾਲਾਂਕਿ ਅਜਿਹਾ ਨਹੀਂ ਹੋ ਸਕਿਆ ਅਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਸੀਟਾਂ ਦਾ ਫ਼ਰਕ ਵਧਦਾ ਗਿਆ।
ਕਾਂਗਰਸ ਦਫ਼ਤਰ ’ਚ ਉਦਾਸੀ ਦੇ ਇਸ ਮਾਹੌਲ ਦਰਮਿਆਨ ਪਾਰਟੀ ਦੇ ਇਕ ਅਧਿਕਾਰੀ ਨੂੰ ਅਪਣੇ ਸਾਥੀਆਂ ਦਾ ਹੌਸਲਾ ਵਧਾਉਂਦੇ ਹੋਏ ਇਹ ਕਹਿੰਦੇ ਸੁਣਿਆ ਗਿਆ ਕਿ ਹੁਣ ਸਾਨੂੰ ਮਹਾਰਾਸ਼ਟਰ ਅਤੇ ਝਾਰਖੰਡ ਦੀ ਤਿਆਰੀ ਸ਼ੁਰੂ ਕਰਨੀ ਹੈ, ਇਸ ਨਤੀਜੇ ਨੂੰ ਲੈ ਕੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਦੀ ਕੰਟੀਨ ’ਚ ਭੀੜ ਸੀ ਪਰ ਉੱਥੇ ਵੀ ਮਾਹੌਲ ਨਿਰਾਸ਼ਾਜਨਕ ਰਿਹਾ। ਕੰਟੀਨ ਨੇ ਰੋਜ਼ਾਨਾ ਤੋਂ ਕੁੱਝ ਵੱਖਰੇ ਪਕਵਾਨ ਵੀ ਤਿਆਰ ਕੀਤੇ ਤਾਂ ਜੋ ਉਤਸ਼ਾਹੀ ਵਰਕਰ ਉਨ੍ਹਾਂ ਦਾ ਅਨੰਦ ਲੈ ਸਕਣ। ਕੰਟੀਨ ਦੇ ਮੁੱਖ ਪ੍ਰਵੇਸ਼ ਦੁਆਰ ’ਤੇ ਪਕੌੜੀਆਂ ਤਿਆਰ ਸਨ, ਪਰ ਖਰੀਦਦਾਰਾਂ ਦੀ ਕਮੀ ਸੀ। ਕਾਂਗਰਸ ਕੰਟੀਨ ’ਚ ਕੰਮ ਕਰਨ ਵਾਲੇ ਇਕ ਨੌਜੁਆਨ ਨੇ ਬਹੁਤ ਨਿਰਾਸ਼ ਲਹਿਜੇ ’ਚ ਕਿਹਾ, ‘‘ਦੇਖੋ ਹਰਿਆਣਾ ’ਚ ਕੀ ਹੋਇਆ! ਹੁਣ ਇਨ੍ਹਾਂ ਪਕੌੜੀਆਂ ਨੂੰ ਕੌਣ ਪੁੱਛੇਗਾ।’’
ਪਾਰਟੀ ਦੇ ਕੁੱਝ ਆਗੂ ਹੈੱਡਕੁਆਰਟਰ ’ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਅਤੇ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਹਰਿਆਣਾ ’ਚ ਹਾਰ ਹੋਈ ਹੈ ਪਰ ਜੰਮੂ-ਕਸ਼ਮੀਰ ’ਚ ਵਿਰੋਧੀ ਗਠਜੋੜ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਕੁੱਝ ਕਾਂਗਰਸੀ ਵਰਕਰ ਹਰਿਆਣਾ ਚੋਣ ਨਤੀਜਿਆਂ ਲਈ ਈ.ਵੀ.ਐਮ. ਦੀ ਵਰਤੋਂ ਦੀ ਸੰਭਾਵਨਾ ਬਾਰੇ ਵੀ ਗੱਲ ਕਰਦੇ ਵੇਖੇ ਗਏ।