ਪਸ਼ੂ ਚਰਾਉਂਦੇ ਲਾਪਤਾ ਹੋ ਗਏ ਸਨ ਨਜ਼ੀਰ ਅਹਿਮਦ ਤੇ ਕੁਲਦੀਪ ਕੁਮਾਰ, ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਲਾਸ਼ਾਂ ਦੀਆਂ ਤਸਵੀਰਾਂ
ਕਿਸ਼ਤਵਾੜ/ਜੰਮੂ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਸ਼ੁਕਰਵਾਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਅਤਿਵਾਦੀਆਂ ਵਲੋਂ ਅਗਵਾ ਕੀਤੇ ਗਏ ਦੋ ਪਿੰਡ ਸੁਰੱਖਿਆ ਗਾਰਡਜ਼ (ਵੀ.ਡੀ.ਜੀ.) ਦੀਆਂ ਲਾਸ਼ਾਂ ਇਕ ਨਾਲੇ ਦੇ ਨੇੜੇ ਮਿਲੀਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਕਿਸ਼ਤਵਾੜ ’ਚ ਕਤਲਾਂ ਲਈ ਜ਼ਿੰਮੇਵਾਰ ਅਤਿਵਾਦੀਆਂ ਨੂੰ ਲੱਭਣ ਲਈ ਵੱਡੇ ਪੱਧਰ ’ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਅਧਿਕਾਰੀਆਂ ਨੇ ਦਸਿਆ ਕਿ ਵੀਰਵਾਰ ਨੂੰ ਕਿਸ਼ਤਵਾੜ ਜ਼ਿਲ੍ਹੇ ’ਚ ਅਤਿਵਾਦੀਆਂ ਨੇ ਪਿੰਡ ਦੇ ਦੋ ਰੱਖਿਆ ਗਾਰਡਾਂ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ ਦੀ ਹੱਤਿਆ ਕਰ ਦਿਤੀ ਸੀ।
ਪੁਲਿਸ, ਫੌਜ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਨੇ ਕਤਲ ਦੀ ਘਟਨਾ ਤੋਂ ਬਾਅਦ ਸੰਘਣੇ ਜੰਗਲ ਖੇਤਰ ’ਚ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਉਪ ਰਾਜਪਾਲ ਮਨੋਜ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਅਧਿਕਾਰੀਆਂ ਨੇ ਦਸਿਆ ਕਿ ਮੁਹਿੰਮ ਕੁੰਤਵਾੜਾ, ਓਹਲੀ ਅਤੇ ਮੁੰਜਾਲਾ ਧਾਰ ਪਹਾੜੀ ਇਲਾਕਿਆਂ ’ਚ ਕੇਂਦਰਿਤ ਸੀ ਅਤੇ ਸ਼ੁਕਰਵਾਰ ਤੜਕੇ ਵਾਧੂ ਸੁਰੱਖਿਆ ਬਲਾਂ ਨੂੰ ਵੀ ਭੇਜਿਆ ਗਿਆ। ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮਾਂ ਲਈ ਡਰੋਨ ਅਤੇ ਡੌਗ ਸਕੁਐਡ ਤਾਇਨਾਤ ਕੀਤੇ ਹਨ ਅਤੇ ਅੱਜ ਸਵੇਰੇ ਇਕ ਹੈਲੀਕਾਪਟਰ ਨੂੰ ਜੰਗਲ ਖੇਤਰ ’ਚ ਘੁੰਮਦੇ ਵੇਖਿਆ ਗਿਆ।
ਪੁਲਿਸ ਦੇ ਇਕ ਬੁਲਾਰੇ ਨੇ ਦਸਿਆ, ‘‘ਕਿਸ਼ਤਵਾੜ ਦੇ ਓਹਲੀ-ਕੁੰਟਵਾੜਾ ਦੇ ਰਹਿਣ ਵਾਲੇ ਨਜ਼ੀਰ ਅਹਿਮਦ ਅਤੇ ਕੁਲਦੀਪ ਕੁਮਾਰ ਪਸ਼ੂ ਚਰਾਉਂਦੇ ਸਮੇਂ ਲਾਪਤਾ ਹੋ ਗਏ ਸਨ।’’ ਬਾਅਦ ’ਚ ਉਨ੍ਹਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਪਛਾਣ ਕੀਤੀ।
ਅਧਿਕਾਰੀਆਂ ਨੇ ਦਸਿਆ ਕਿ ਅਹਿਮਦ ਅਤੇ ਕੁਮਾਰ ਅਧਵਾਰੀ ਦੇ ਮੁੰਜਲਾ ਧਰ ਜੰਗਲ ’ਚ ਪਸ਼ੂਆਂ ਨੂੰ ਚਰਾਉਣ ਗਏ ਸਨ ਪਰ ਵਾਪਸ ਨਹੀਂ ਆਏ। ਕੁਮਾਰ ਦੇ ਭਰਾ ਪ੍ਰਿਥਵੀ ਨੇ ਦਸਿਆ, ‘‘ਮੇਰੇ ਭਰਾ ਅਤੇ ਨਜ਼ੀਰ ਨੂੰ ਅਤਿਵਾਦੀਆਂ ਨੇ ਅਗਵਾ ਕਰ ਲਿਆ ਅਤੇ ਮਾਰ ਦਿਤਾ। ਉਹ ਪਿੰਡ ਦੇ ਰੱਖਿਆ ਗਾਰਡ ਸਨ ਅਤੇ ਹਮੇਸ਼ਾ ਦੀ ਤਰ੍ਹਾਂ ਪਸ਼ੂਆਂ ਨੂੰ ਚਰਾਉਣ ਗਏ ਸਨ।’’
ਉਸ ਨੇ ਕਿਹਾ ਕਿ ਪਰਵਾਰ ਡੂੰਘੇ ਸਦਮੇ ’ਚ ਸੀ ਕਿਉਂਕਿ ਕੁਮਾਰ ਦੇ ਪਿਤਾ ਅਮਰ ਚੰਦ ਦੀ ਮੌਤ ਵੀ ਇਕ ਹਫ਼ਤੇ ਪਹਿਲਾਂ ਹੋ ਗਈ ਸੀ। ਸੂਤਰਾਂ ਨੇ ਦਸਿਆ ਕਿ ਪਿੰਡ ਵਾਸੀਆਂ ਨੂੰ ਇਸ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਅਤਿਵਾਦੀਆਂ ਨੇ ਅਪਣੇ ਮੋਬਾਈਲ ਫੋਨ ਦੀ ਵਰਤੋਂ ਕਰਦਿਆਂ ਮ੍ਰਿਤਕਾਂ (ਦੋਵੇਂ ਵੀ.ਡੀ.ਜੀ. ਮੈਂਬਰਾਂ) ਦੀ ਹੱਤਿਆ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ‘ਕਸ਼ਮੀਰ ਟਾਈਗਰਜ਼’ ਸਮੂਹ ਨੇ ਮ੍ਰਿਤਕਾਂ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਇਸ ਸਾਲ ਕਿਸ਼ਤਵਾੜ ਅਤੇ ਜੰਮੂ ਖੇਤਰ ਦੇ ਹੋਰ ਜ਼ਿਲ੍ਹਿਆਂ ਰਾਜੌਰੀ, ਪੁੰਛ, ਰਿਆਸੀ, ਊਧਮਪੁਰ, ਡੋਡਾ ਅਤੇ ਕਠੂਆ ’ਚ ਅਤਿਵਾਦੀ ਹਮਲਿਆਂ ’ਚ ਵਾਧਾ ਹੋਇਆ ਹੈ। ਅਤਿਵਾਦੀਆਂ ਵਲੋਂ ਪਿੰਡ ਦੇ ਦੋ ਰੱਖਿਆ ਗਾਰਡਾਂ ਦੀ ਹੱਤਿਆ ਦੇ ਵਿਰੋਧ ’ਚ ਸ਼ੁਕਰਵਾਰ ਨੂੰ ਜੰਮੂ ਖੇਤਰ ’ਚ ਕੁੱਝ ਥਾਵਾਂ ’ਤੇ ਪ੍ਰਦਰਸ਼ਨ ਕੀਤੇ ਗਏ, ਜਦਕਿ ਕਿਸ਼ਤਵਾੜ ਜ਼ਿਲ੍ਹੇ ’ਚ ਪਾਕਿਸਤਾਨ ਵਿਰੋਧੀ ਪ੍ਰਦਰਸ਼ਨਾਂ ਦੇ ਨਾਲ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ।
ਜਿਵੇਂ ਹੀ ਹੱਤਿਆਵਾਂ ਦੀ ਖ਼ਬਰ ਫੈਲੀ, ਸੈਂਕੜੇ ਲੋਕ ਜ਼ਿਲ੍ਹੇ ਦੇ ਦਰਾਬਸ਼ਾਲਾ ਇਲਾਕੇ ’ਚ ਇਕੱਠੇ ਹੋ ਗਏ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿਤੇ। ਉਨ੍ਹਾਂ ਨੇ ਟਾਇਰ ਸਾੜੇ ਅਤੇ ਸੜਕਾਂ ਜਾਮ ਕਰ ਦਿਤੀਆਂ। ਉਨ੍ਹਾਂ ਨੇ ਪਾਕਿਸਤਾਨ ਅਤੇ ਅਤਿਵਾਦੀਆਂ ਵਿਰੁਧ ਨਾਅਰੇਬਾਜ਼ੀ ਵੀ ਕੀਤੀ। ਕਿਸ਼ਤਵਾੜ ਕਸਬੇ ’ਚ ਸਨਾਤਨ ਧਰਮ ਸਭਾ ਦੀ ਅਗਵਾਈ ਹੇਠ ਔਰਤਾਂ ਦੀ ਅਗਵਾਈ ’ਚ ਰੋਸ ਮਾਰਚ ਕਢਿਆ ਗਿਆ। ਪ੍ਰਦਰਸ਼ਨਕਾਰੀ ਔਰਤਾਂ ਟਾਇਰ ਅਤੇ ਪਾਕਿਸਤਾਨੀ ਝੰਡੇ ਸਾੜ ਕੇ ਮੁੱਖ ਚੌਕ ’ਚ ਬੈਠ ਗਈਆਂ।
ਜ਼ਿਲ੍ਹੇ ’ਚ ਸਾਰੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਰਹੇ। ਟ?ਰੈਫਿਕ ਸੜਕਾਂ ਤੋਂ ਦੂਰ ਸੀ ਜਦਕਿ ਸਕੂਲਾਂ ਅਤੇ ਹੋਰ ਵਿਦਿਅਕ ਸੰਸਥਾਵਾਂ ’ਚ ਹਾਜ਼ਰੀ ਘੱਟ ਸੀ। ਪ੍ਰਦਰਸ਼ਨਕਾਰੀਆਂ ਨੇ ਸਥਾਨਕ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨ ਲਈ ਕਤਲ ਵਿਚ ਸ਼ਾਮਲ ਅਤਿਵਾਦੀਆਂ ਨੂੰ ਤੁਰਤ ਖਤਮ ਕਰਨ ਦੀ ਮੰਗ ਕੀਤੀ।