ਹਮਲੇ ਦੌਰਾਨ ਬਹੁਤ ਸਾਰੇ ਪਿੰਡ ਵਾਸੀ ਭੱਜਣ ’ਚ ਕਾਮਯਾਬ ਹੋ ਗਏ
ਇੰਫਾਲ : ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਦੇ ਕਬਾਇਲੀ ਬਹੁਲ ਪਿੰਡ ’ਚ ਹਥਿਆਰਬੰਦ ਅਤਿਵਾਦੀਆਂ ਦੇ ਇਕ ਸਮੂਹ ਨੇ ਘੱਟੋ-ਘੱਟ 6 ਘਰਾਂ ਨੂੰ ਅੱਗ ਲਾ ਦਿਤੀ ਅਤੇ ਪਿੰਡ ਵਾਸੀਆਂ ’ਤੇ ਹਮਲਾ ਕਰ ਦਿਤਾ। ਪੁਲਿਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਵੀਰਵਾਰ ਸ਼ਾਮ ਨੂੰ ਜੈਰੋਂ ਹਮਾਰ ਪਿੰਡ ’ਚ ਵਾਪਰੀ। ਅਤਿਵਾਦੀਆਂ ਦੇ ਇਕ ਸਮੂਹ ਨੇ ਛੇ ਘਰਾਂ ਨੂੰ ਅੱਗ ਲਾ ਦਿਤੀ। ਉਨ੍ਹਾਂ ਕਿਹਾ, ‘‘ਸ਼ੁਰੂਆਤੀ ਰੀਪੋਰਟਾਂ ਅਨੁਸਾਰ, ਹਮਲੇ ਦੌਰਾਨ ਬਹੁਤ ਸਾਰੇ ਪਿੰਡ ਵਾਸੀ ਭੱਜਣ ’ਚ ਕਾਮਯਾਬ ਹੋ ਗਏ ਅਤੇ ਨੇੜਲੇ ਜੰਗਲ ਖੇਤਰ ’ਚ ਪਨਾਹ ਲੈ ਲਈ। ਅੱਗ ਲੱਗਣ ਕਾਰਨ ਘੱਟੋ-ਘੱਟ ਛੇ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।’’
ਕੁਕੀ-ਜੋ ਭਾਈਚਾਰੇ ਨੇ ਦਾਅਵਾ ਕੀਤਾ ਕਿ ਹਮਲੇ ਦੌਰਾਨ ਪਿੰਡ ਦੀ ਇਕ ਔਰਤ ਦੀ ਮੌਤ ਹੋ ਗਈ, ਪਰ ਜ਼ਿਲ੍ਹਾ ਪੁਲਿਸ ਨੇ ਮੌਤ ਦੀ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ। ਮਨੀਪੁਰ ਵਿਚ ਪਿਛਲੇ ਸਾਲ ਮਈ ਤੋਂ ਫਿਰਕੂ ਹਿੰਸਾ ਹੋ ਰਹੀ ਹੈ ਅਤੇ 200 ਤੋਂ ਵੱਧ ਲੋਕ ਮਾਰੇ ਗਏ ਹਨ।
ਹਿੰਸਾ 3 ਮਈ ਨੂੰ ਉਸ ਸਮੇਂ ਭੜਕੀ ਜਦੋਂ ਪਹਾੜੀ ਜ਼ਿਲ੍ਹਿਆਂ ’ਚ ‘ਕਬਾਇਲੀ ਇਕਜੁੱਟਤਾ ਮਾਰਚ’ ਕੀਤਾ ਗਿਆ ਸੀ ਤਾਂ ਜੋ ਮੈਤੇਈ ਭਾਈਚਾਰੇ ਦੀ ਉਨ੍ਹਾਂ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ ਜਾ ਸਕੇ। ਮਨੀਪੁਰ ਦੀ ਕੁਲ ਆਬਾਦੀ ਦਾ ਲਗਭਗ 53 ਫ਼ੀ ਸਦੀ ਮੈਤੇਈ ਹਨ ਅਤੇ ਮੁੱਖ ਤੌਰ ’ਤੇ ਇੰਫਾਲ ਘਾਟੀ ’ਚ ਰਹਿੰਦੇ ਹਨ, ਜਦਕਿ ਨਾਗਾ ਅਤੇ ਕੁਕੀ ਸਮੇਤ ਕਬਾਇਲੀ ਭਾਈਚਾਰੇ ਆਬਾਦੀ ਦਾ 40 ਫ਼ੀ ਸਦੀ ਬਣਦੇ ਹਨ ਅਤੇ ਮੁੱਖ ਤੌਰ ’ਤੇ ਪਹਾੜੀ ਜ਼ਿਲ੍ਹਿਆਂ ’ਚ ਰਹਿੰਦੇ ਹਨ।