
ਵਿਧਾਇਕ ਦਲ ਦੇ ਆਗੂ ਦੀ ਚੋਣ ਬਾਰੇ ਹੋ ਸਕਦਾ ਹੈ ਫ਼ੈਸਲਾ
ਨਵੀਂ ਦਿੱਲੀ - ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਚੁਣੇ ਜਾਣ ਵਾਲੇ ਆਪਣੇ ਵਿਧਾਇਕਾਂ ਦੀ ਮੀਟਿੰਗ ਚੰਡੀਗੜ੍ਹ ਵਿੱਚ ਸੱਦੀ ਹੈ, ਜਿਸ ਵਿੱਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵਿਧਾਇਕ ਦਲ ਦਾ ਆਗੂ ਚੁਣਨ ਦਾ ਅਧਿਕਾਰ ਦੇਣ ਵਾਲਾ ਮਤਾ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ।
ਜਿਵੇਂ-ਜਿਵੇਂ ਕਾਂਗਰਸ ਹਿਮਾਚਲ ਪ੍ਰਦੇਸ਼ ਵਿੱਚ ਸਪੱਸ਼ਟ ਬਹੁਮਤ ਵੱਲ ਵਧ ਰਹੀ ਹੈ, ਪਾਰਟੀ ਦੇ ਸੂਬਾ ਇੰਚਾਰਜ ਰਾਜੀਵ ਸ਼ੁਕਲਾ ਨੇ ਕਿਹਾ ਕਿ ਕਾਂਗਰਸ '10 ਗਾਰੰਟੀਆਂ' ਨੂੰ ਪੂਰਾ ਕਰਨ ਅਤੇ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਸਭ ਕੁਝ ਕਰੇਗੀ।
ਉਨ੍ਹਾਂ ਦੱਸਿਆ, "ਨਤੀਜੇ ਆਉਣ ਤੋਂ ਬਾਅਦ ਕਾਂਗਰਸ ਦੇ ਨਵੇਂ ਚੁਣੇ ਵਿਧਾਇਕ ਚੰਡੀਗੜ੍ਹ ਵਿੱਚ ਮੀਟਿੰਗ ਕਰਨਗੇ, ਅਤੇ ਵਿਧਾਇਕ ਦਲ ਦੇ ਆਗੂ ਦੀ ਚੋਣ ਬਾਰੇ ਫ਼ੈਸਲਾ ਕਰਨਗੇ।"
ਸੂਤਰਾਂ ਦਾ ਕਹਿਣਾ ਹੈ ਕਿ ਵਿਧਾਇਕਾਂ ਦੀ ਬੈਠਕ ਵਿੱਚ ਕਾਂਗਰਸ ਪ੍ਰਧਾਨ ਨੂੰ ਵਿਧਾਇਕ ਦਲ ਦਾ ਆਗੂ ਤੈਅ ਕਰਨ ਦਾ ਅਧਿਕਾਰ ਦੇਣ ਵਾਲਾ ਮਤਾ ਪਾਸ ਕੀਤੇ ਜਾਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ, “ਪਾਰਟੀ ਮੈਨੂੰ ਅਤੇ ਦੋ ਆਬਜ਼ਰਵਰਾਂ- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਭੇਜ ਰਹੀ ਹੈ। ਅਸੀਂ ਅੱਜ ਚੰਡੀਗੜ੍ਹ ਪਹੁੰਚ ਰਹੇ ਹਾਂ ਜਿੱਥੇ ਸਾਰੇ ਵਿਧਾਇਕਾਂ ਨੂੰ ਬੁਲਾਇਆ ਗਿਆ ਹੈ।
ਸ਼ੁਕਲਾ ਨੇ ਕਿਹਾ, “ਅਸੀਂ ਰੁਝਾਨਾਂ ਤੋਂ ਖੁਸ਼ ਹਾਂ। ਅਸੀਂ 40 ਸੀਟਾਂ ਹਾਸਲ ਕਰਨ ਵੱਲ ਵਧ ਰਹੇ ਹਾਂ। ਸਾਨੂੰ ਭਰੋਸਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਸੱਤਾ ਵਿੱਚ ਆਉਣ ਦਾ ਮੌਕਾ ਮਿਲ ਰਿਹਾ ਹੈ।"
ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉਹ ਹੁੱਡਾ ਅਤੇ ਬਘੇਲ ਦੇ ਨਾਲ ਹਿਮਾਚਲ ਪ੍ਰਦੇਸ਼ ਪਹੁੰਚ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸਖ਼ਤ ਮਿਹਨਤ ਕੀਤੀ ਅਤੇ ਵਿਆਪਕ ਪੱਧਰ 'ਤੇ ਪ੍ਰਚਾਰ ਕੀਤਾ।
ਸ਼ਾਮ ਕਰੀਬ 4 ਵਜੇ ਤੱਕ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਮੌਜੂਦ ਅੰਕੜਿਆਂ ਮੁਤਾਬਕ ਕਾਂਗਰਸ ਨੇ ਹਿਮਾਚਲ 'ਚ 27 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਅਤੇ 12 ਸੀਟਾਂ 'ਤੇ ਅੱਗੇ ਹੈ। ਭਾਜਪਾ ਨੇ ਰਾਜ ਵਿੱਚ 16 ਸੀਟਾਂ ਜਿੱਤੀਆਂ ਹਨ ਅਤੇ 10 ਸੀਟਾਂ ਉੱਤੇ ਅੱਗੇ ਹੈ। ਆਜ਼ਾਦ ਉਮੀਦਵਾਰਾਂ ਨੇ ਤਿੰਨ ਸੀਟਾਂ ਜਿੱਤੀਆਂ ਹਨ।