ਅਗਲੇ 72 ਘੰਟਿਆਂ 'ਚ ਇਹ ਤੈਅ ਹੋ ਜਾਵੇਗਾ ਕਿ ਇਸ ਵਾਰ ਦੋਵਾਂ ਸੂਬਿਆਂ 'ਚ ਭਾਜਪਾ ਦੀ ਵਾਪਸੀ ਹੋਵੇਗੀ ਜਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ।
ਨਵੀਂ ਦਿੱਲੀ: ਗੁਜਰਾਤ ਵਿਧਾਨ ਸਭਾ ਦੇ ਦੂਜੇ ਪੜਾਅ ਲਈ ਵੋਟਿੰਗ ਸੋਮਵਾਰ ਨੂੰ ਖਤਮ ਹੋ ਗਈ। ਹੁਣ 8 ਦਸੰਬਰ ਨੂੰ ਗੁਜਰਾਤ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜਿਆਂ ਦੀ ਉਡੀਕ ਹੈ। ਅਗਲੇ 72 ਘੰਟਿਆਂ 'ਚ ਇਹ ਤੈਅ ਹੋ ਜਾਵੇਗਾ ਕਿ ਇਸ ਵਾਰ ਦੋਵਾਂ ਸੂਬਿਆਂ 'ਚ ਭਾਜਪਾ ਦੀ ਵਾਪਸੀ ਹੋਵੇਗੀ ਜਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ। ਸੋਮਵਾਰ ਨੂੰ ਕਈ ਐਗਜ਼ਿਟ ਪੋਲ ਵਿਚ ਅਨੁਮਾਨ ਜਤਾਇਆ ਗਿਆ ਹੈ ਕਿ ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਇਕ ਵਾਰ ਫਿਰ ਤੋਂ ਸਰਕਾਰ ਬਣਾ ਸਕਦੀ ਹੈ, ਜਦਕਿ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖ਼ਤ ਟੱਕਰ ਹੋਣ ਦੇ ਆਸਾਰ ਹਨ।
ਸਾਰੇ ਸਰਵੇਖਣਾਂ ਵਿਚ ਕਿਹਾ ਗਿਆ ਹੈ ਕਿ ਭਾਜਪਾ ਨੂੰ ਗੁਜਰਾਤ ਵਿਚ ਸਪੱਸ਼ਟ ਬਹੁਮਤ ਮਿਲ ਸਕਦਾ ਹੈ, ਕਈ ਐਗਜ਼ਿਟ ਪੋਲ ਨੇ ਇਸ ਨੂੰ ਹਿਮਾਚਲ ਪ੍ਰਦੇਸ਼ ਵਿਚ ਵੀ ਅੱਗੇ ਦਿਖਾਇਆ ਹੈ। ਕੁਝ ਸਰਵੇਖਣਾਂ ਨੇ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਨੂੰ ਬਹੁਮਤ ਮਿਲਣ ਦੀ ਭਵਿੱਖਬਾਣੀ ਕੀਤੀ ਹੈ। 'ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ' ਦੇ ਐਗਜ਼ਿਟ ਪੋਲ 'ਚ ਕਿਹਾ ਗਿਆ ਹੈ ਕਿ ਗੁਜਰਾਤ 'ਚ ਭਾਜਪਾ ਨੂੰ 129 ਤੋਂ 151 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ 16 ਤੋਂ 30 ਸੀਟਾਂ ਮਿਲਣ ਦੀ ਉਮੀਦ ਹੈ। ਗੁਜਰਾਤ ਵਿਚ ਆਮ ਆਦਮੀ ਪਾਰਟੀ ਨੂੰ 9-11 ਸੀਟਾਂ ਮਿਲ ਸਕਦੀਆਂ ਹਨ।
'ਏਬੀਪੀ-ਸੀ ਵੋਟਰ' ਦੇ ਸਰਵੇਖਣ ਮੁਤਾਬਕ ਗੁਜਰਾਤ 'ਚ ਭਾਜਪਾ ਨੂੰ 128 ਤੋਂ 140 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ 31 ਤੋਂ 43 ਸੀਟਾਂ 'ਤੇ ਸਬਰ ਕਰਨਾ ਪੈ ਸਕਦਾ ਹੈ। ਆਮ ਆਦਮੀ ਪਾਰਟੀ ਨੂੰ ਤਿੰਨ ਤੋਂ 11 ਸੀਟਾਂ ਮਿਲ ਸਕਦੀਆਂ ਹਨ। 'ਨਿਊਜ਼ ਐਕਸ-ਜਨ ਕੀ ਬਾਤ' ਦੇ ਐਗਜ਼ਿਟ ਪੋਲ ਨੇ ਭਵਿੱਖਬਾਣੀ ਕੀਤੀ ਹੈ ਕਿ ਗੁਜਰਾਤ 'ਚ ਭਾਜਪਾ ਨੂੰ 117 ਤੋਂ 140 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ 34 ਤੋਂ 51 ਸੀਟਾਂ ਮਿਲ ਸਕਦੀਆਂ ਹਨ। 'ਆਪ' ਨੂੰ 6-13 ਸੀਟਾਂ ਮਿਲਣ ਦੀ ਉਮੀਦ ਹੈ।
'ਰਿਪਬਲਿਕ ਟੀਵੀ-ਪੀਮਾਰਕ' ਦੇ ਐਗਜ਼ਿਟ ਪੋਲ ਮੁਤਾਬਕ ਗੁਜਰਾਤ ' ਚ ਭਾਜਪਾ ਨੂੰ 128 ਤੋਂ 148 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ 30 ਤੋਂ 42 ਸੀਟਾਂ ਮਿਲਣ ਦੀ ਉਮੀਦ ਹੈ। ਆਮ ਆਦਮੀ ਪਾਰਟੀ ਨੂੰ 2-10 ਸੀਟਾਂ ਮਿਲ ਸਕਦੀਆਂ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਸੋਮਵਾਰ ਨੂੰ 93 ਸੀਟਾਂ ਲਈ ਵੋਟਿੰਗ ਹੋਈ। ਇਸ ਤੋਂ ਪਹਿਲਾਂ 1 ਦਸੰਬਰ ਨੂੰ 89 ਸੀਟਾਂ 'ਤੇ ਵੋਟਿੰਗ ਹੋਈ ਸੀ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਏ ਐਗਜ਼ਿਟ ਪੋਲ ਨੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਖਤ ਟੱਕਰ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਕਈ ਸਰਵੇਖਣਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਬੀਜੇਪੀ ਨੂੰ ਬਹੁਮਤ ਮਿਲ ਸਕਦੀ ਹੈ। 'ਇੰਡੀਆ ਟੂਡੇ - ਐਕਸਿਸ ਮਾਈ ਇੰਡੀਆ' ਦੇ ਐਗਜ਼ਿਟ ਪੋਲ ਨੇ ਕਾਂਗਰਸ ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਹੈ। ਇਸ ਹਿਸਾਬ ਨਾਲ ਕਾਂਗਰਸ 44 ਫੀਸਦੀ ਵੋਟਾਂ ਨਾਲ 30 ਤੋਂ 40 ਸੀਟਾਂ ਹਾਸਲ ਕਰ ਸਕਦੀ ਹੈ, ਜਦਕਿ ਸੱਤਾਧਾਰੀ ਭਾਜਪਾ 42 ਫੀਸਦੀ ਵੋਟਾਂ ਨਾਲ 24 ਤੋਂ 34 ਸੀਟਾਂ ਹਾਸਲ ਕਰ ਸਕਦੀ ਹੈ।
'ਨਿਊਜ਼ 24-ਟੂਡੇਜ਼ ਚਾਣਕਿਆ' ਦੇ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਹਿਮਾਚਲ ਵਿਚ ਭਾਜਪਾ ਅਤੇ ਕਾਂਗਰਸ ਨੂੰ 33-33 ਸੀਟਾਂ ਮਿਲ ਸਕਦੀਆਂ ਹਨ। ‘ਇੰਡੀਆ ਟੀਵੀ-ਮੈਟ੍ਰਿਕਸ’ ਵੱਲੋਂ ਕੀਤੇ ਪੋਸਟ-ਪੋਲ ਸਰਵੇ ਵਿਚ ਕਿਹਾ ਗਿਆ ਹੈ ਕਿ ਭਾਜਪਾ ਨੂੰ ਹਿਮਾਚਲ ਪ੍ਰਦੇਸ਼ ਵਿਚ 35 ਤੋਂ 40 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ 26 ਤੋਂ 31 ਸੀਟਾਂ ਨਾਲ ਇਕ ਵਾਰ ਫਿਰ ਵਿਰੋਧੀ ਧਿਰ ਵਿਚ ਰਹਿਣਾ ਪੈ ਸਕਦਾ ਹੈ।
'ਨਿਊਜ਼ ਐਕਸ-ਜਨ ਕੀ ਬਾਤ' ਐਗਜ਼ਿਟ ਪੋਲ 'ਚ ਵੀ ਭਾਜਪਾ ਨੂੰ ਹਿਮਾਚਲ ਪ੍ਰਦੇਸ਼ 'ਚ ਬਹੁਮਤ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਜਪਾ ਨੂੰ 32 ਤੋਂ 40 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ 27 ਤੋਂ 34 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। 'ਰਿਪਬਲਿਕ ਟੀਵੀ-ਪੀਮਾਰਕ' ਸਰਵੇਖਣ ਨੇ ਅਨੁਮਾਨ ਲਗਾਇਆ ਹੈ ਕਿ ਭਾਜਪਾ ਨੂੰ ਹਿਮਾਚਲ ਪ੍ਰਦੇਸ਼ 'ਚ 34 ਤੋਂ 39 ਸੀਟਾਂ ਮਿਲ ਸਕਦੀਆਂ ਹਨ, ਜਦਕਿ ਕਾਂਗਰਸ ਨੂੰ 28 ਤੋਂ 33 ਸੀਟਾਂ ਮਿਲ ਸਕਦੀਆਂ ਹਨ। ਹਿਮਾਚਲ ਪ੍ਰਦੇਸ਼ ਦੀ 68 ਮੈਂਬਰੀ ਵਿਧਾਨ ਸਭਾ ਲਈ 12 ਨਵੰਬਰ ਨੂੰ ਵੋਟਿੰਗ ਹੋਈ ਸੀ।