
ਪੱਤਰਕਾਰ ਦੀ ਹਤਿਆ ਦੇ ਮਾਮਲੇ ਵਿਚ ਸੌਦਾ ਸਾਧ ਬਾਰੇ ਸੁਣਾਏ ਜਾਣ ਵਾਲੇ ਫ਼ੈਸਲੇ ਕਾਰਨ ਪ੍ਰਸ਼ਾਸਨ ਬੇਹੱਦ ਚੌਕੰਨਾ ਹੋ ਗਿਆ ਹੈ..........
ਪੰਚਕੂਲਾ : ਪੱਤਰਕਾਰ ਦੀ ਹਤਿਆ ਦੇ ਮਾਮਲੇ ਵਿਚ ਸੌਦਾ ਸਾਧ ਬਾਰੇ ਸੁਣਾਏ ਜਾਣ ਵਾਲੇ ਫ਼ੈਸਲੇ ਕਾਰਨ ਪ੍ਰਸ਼ਾਸਨ ਬੇਹੱਦ ਚੌਕੰਨਾ ਹੋ ਗਿਆ ਹੈ। ਪੇਸ਼ੀ ਦੇ ਸਨਮੁਖ 9 ਡਿਊਟੀ ਮੈਜਿਸਟਰੇਟ ਲਾਏ ਗਏ ਹਨ ਅਤੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦਸਿਆ ਕਿ 17 ਮਹੱਤਵਪੂਰਨ ਥਾਵਾਂ 'ਤੇ ਚੈਕਿੰਗ ਪੁਆਇੰਟ ਬਣਾਏ ਗਏ ਹਨ ਤੇ ਉਥੇ ਨਾਕੇ ਲਾਏ ਗਏ ਹਨ। ਪੁਲਿਸ ਦੀਆਂ ਚਾਰ ਕੰਪਨੀਆਂ ਬਾਹਰੋਂ ਮੰਗਵਾਈਆਂ ਗਈਆਂ ਹਨ ਅਤੇ ਤਿੰਨ ਡੀਐਸਪੀ ਨਿਯੁਕਤ ਕੀਤੇ ਗਏ ਹਨ।
ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਵਾਰ ਕਈ ਐਂਬੂਲੈਸਾਂ, ਕਈ ਜੇਸੀਬੀ ਮਸ਼ੀਨਾਂ ਤੇ ਵੱਡੀ ਗਿਣਤੀ ਵਿਚ ਫ਼ਾਇਰ ਬਿਗ੍ਰੇਡ ਗੱਡੀਆਂ ਤੋਂ ਇਲਾਵਾ ਰੋਡਵੇਜ਼ ਦੀਆਂ ਭਾਰੀ ਬਸਾਂ ਦਾ ਵੀ ਇੰਤਜ਼ਾਮ ਕੀਤਾ ਹੈ। ਪੰਚਕੂਲਾ ਪੁਲਿਸ ਨੇ ਵੀ ਅਪਣੇ ਤੌਰ 'ਤੇ ਪੁਲਿਸ ਦੇ ਰਾਈਡਰਾਂ ਨੂੰ ਚੁਸਤ ਦਰੁਸਤ ਰਹਿਣ ਲਈ ਕਿਹਾ ਹੈ। ਸਾਰੇ ਪੁਲੀਸ ਸਟੇਸ਼ਨਾਂ ਅਤੇ ਚੌਕੀ ਇੰਚਾਰਜਾਂ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਡੀਸੀਪੀ ਕਮਲਦੀਪ ਗੋਇਲ ਨੇ ਸਪੱਸ਼ਟ ਕੀਤਾ ਕਿ ਪੁਲਿਸ ਨੇ ਰਿਹਰਸਲਾਂ ਵੀ ਸ਼ੁਰੂ ਕੀਤੀਆਂ ਹਨ ਤੇ ਚੌਕਾਂ 'ਤੇ ਦਿਨ ਰਾਤ ਗਸ਼ਤ ਤੇਜ਼ ਕੀਤੀ ਹੋਈ ਹੈ। ਸ਼ਹਿਰ ਵਿਚ ਲੱਗੇ 350 ਸੀਸੀਟੀਵੀ ਕੈਮਰੇ ਬਿਲਕੁਲ ਦਰੁਸਤ ਹਨ।