
5 ਕੈਂਟੀਨਾਂ ਚਾਲੂ, ਹੋਰ ਖੋਲ੍ਹਣ ਦੀ ਯੋਜਨਾਬੰਦੀ
ਬ੍ਰਹਮਪੁਰ - ਓਡੀਸ਼ਾ ਵਿੱਚ ਪਹਿਲੀ ਵਾਰ ਦੂਰ-ਦੁਰਾਡੇ ਦੇ ਪਿੰਡਾਂ ਤੋਂ ਆਪਣੀ ਉਪਜ ਲਿਆਉਣ ਵਾਲੇ ਕਿਸਾਨਾਂ ਨੂੰ ਝੋਨਾ ਖਰੀਦ ਕੇਂਦਰਾਂ ਦੇ ਨੇੜੇ ਦੁਪਹਿਰ ਦਾ ਭੋਜਨ ਮੁਹੱਈਆ ਕਰਵਾਉਣ ਲਈ ਮੁਫ਼ਤ ਕੈਂਟੀਨ ਖੋਲ੍ਹੀ ਗਈ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਗਜਪਤੀ ਜ਼ਿਲ੍ਹੇ ਵਿੱਚ ਕੰਟੀਨ ਖੋਲ੍ਹ ਦਿੱਤੀ ਗਈ ਹੈ ਅਤੇ ਪਾਰਲਾਖੇਮੁੰਡੀ, ਕਾਸ਼ੀਨਗਰ, ਉਪਲਾਡਾ ਅਤੇ ਗਰਬਾਂਦ ਵਿੱਚ ਅਜਿਹੀਆਂ ਚਾਰ ਹੋਰ ਕੈਂਟੀਨਾਂ ਸ਼ੁਰੂ ਕੀਤੀਆਂ ਗਈਆਂ ਹਨ।
ਗਜਪਤੀ ਜ਼ਿਲ੍ਹਾ ਮੈਜਿਸਟਰੇਟ ਲਿੰਗਰਾਜ ਪਾਂਡਾ ਨੇ ਕਿਹਾ ਕਿ ਪਰਾਲਖੇਮੁੰਡੀ ਰੈਗੂਲੇਟਿਡ ਮਾਰਕੀਟ ਕਮੇਟੀ (ਆਰ.ਐਮ.ਸੀ.) ਦੁਆਰਾ ਚਲਾਈ ਜਾ ਰਹੀ ਮੁਫ਼ਤ ਕੈਂਟੀਨ ਵਿੱਚ ਇਲਾਕੇ ਦੇ ਮਹਿਲਾ ਅਤੇ ਸਵੈ-ਸੇਵੀ ਸਮੂਹਾਂ ਵੱਲੋਂ ਤਿਆਰ ਸਬਜ਼ੀਆਂ ਤੇ ਭੋਜਨ ਕਿਸਾਨਾਂ ਨੂੰ ਪਰੋਸਿਆ ਜਾ ਰਿਹਾ ਹੈ।
ਪਾਂਡਾ ਨੇ ਕਿਹਾ, “ਅਸੀਂ ਉਨ੍ਹਾਂ ਕਿਸਾਨਾਂ ਨੂੰ ਮੁਫ਼ਤ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਉਣ ਲਈ ਕੈਂਟੀਨ ਪ੍ਰਣਾਲੀ ਸ਼ੁਰੂ ਕੀਤੀ ਹੈ, ਜੋ ਖਰੀਦ ਕੇਂਦਰਾਂ ਵਿੱਚ ਆਪਣੀ ਉਪਜ ਲੈ ਕੇ ਆਉਂਦੇ ਹਨ ਅਤੇ ਆਪਣੇ ਭੋਜਨ ਲਈ ਘਰ ਵਾਪਸ ਨਹੀਂ ਜਾ ਸਕਦੇ।"
ਆਰ.ਐਮ.ਸੀ. ਵੱਲੋਂ ਖਰੀਦ ਕੇਂਦਰਾਂ ਵਿੱਚ ਕਿਸਾਨਾਂ ਨੂੰ ਭੋਜਨ ਤੋਂ ਇਲਾਵਾ ਪੀਣ ਵਾਲੇ ਪਦਾਰਥਾਂ ਸਮੇਤ ਸ਼ੁੱਧ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ, “ਇਸ ਪ੍ਰੋਗਰਾਮ ਦਾ ਉਦੇਸ਼ ਇਹ ਹੈ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਉਪਜ ਲੈ ਕੇ ਜਾਣ ਸਮੇਂ ਕੋਈ ਮੁਸ਼ਕਲ ਪੇਸ਼ ਨਾ ਆਵੇ। ਅਸੀਂ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਵਿੱਚ ਘੱਟੋ-ਘੱਟ 10 ਤੋਂ 15 ਅਜਿਹੀਆਂ ਕੈਂਟੀਨਾਂ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਾਂ।”