
Bengaluru Triple Murder Case: ਕਤਲ ਤੋਂ ਬਾਅਦ ਹੋਮਗਾਰਡ ਜਵਾਨ ਨੇ ਹਥਿਆਰ ਸਮੇਤ ਪੁਲਿਸ ਅੱਗੇ ਕੀਤਾ ਆਤਮ ਸਮਰਪਣ
Bengaluru Triple Murder Case: ਬੈਂਗਲੁਰੂ ਵਿਚ ਇਕ ਹੋਮ ਗਾਰਡ ਜਵਾਨ ਨੇ ਬੁਧਵਾਰ ਨੂੰ ਜਲਹੱਲੀ ਕਰਾਸ ’ਤੇ ਅਪਣੀ ਪਤਨੀ, ਧੀ ਅਤੇ ਭਤੀਜੀ ਦਾ ਕਤਲ ਕਰ ਦਿਤਾ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਮੁਤਾਬਕ ਹੇਬਾਗੋਡੀ ਥਾਣੇ ਨਾਲ ਜੁੜੇ ਹੋਮਗਾਰਡ ਗੰਗਾਰਾਜੂ (42) ਨੇ ਕਥਿਤ ਤੌਰ ’ਤੇ ਅਪਣੀ ਪਤਨੀ ਭਾਗਿਆ (36), ਬੇਟੀ ਨਵਿਆ (19) ਅਤੇ ਭਤੀਜੀ ਹੇਮਾਵਤੀ (23) ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿਤਾ।
ਬੈਂਗਲੁਰੂ ਪੂਰਬੀ ਪੁਲਿਸ ਦੇ ਵਧੀਕ ਕਮਿਸ਼ਨਰ ਵਿਕਾਸ ਕੁਮਾਰ ਨੇ ਪੱਤਰਕਾਰਾਂ ਨੂੰ ਦਸਿਆ, ‘‘ਸੂਚਨਾ ਮਿਲਣ ’ਤੇ, ਸਾਡੀ ਗਸ਼ਤੀ ਟੀਮ ਤੁਰਤ ਮੌਕੇ ’ਤੇ ਪਹੁੰਚੀ ਤਾਂ ਤਿੰਨੋਂ ਔਰਤਾਂ ਨੂੰ ਮ੍ਰਿਤਕ ਪਾਇਆ, ਜਿਨ੍ਹਾਂ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਅਸੀਂ ਹੋਮ ਗਾਰਡ ਵਜੋਂ ਕੰਮ ਕਰਨ ਵਾਲੇ ਗੰਗਾਰਾਜੂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ।’’
ਕੁਮਾਰ ਨੇ ਦਸਿਆ ਕਿ ਅਪਰਾਧ ਤੋਂ ਬਾਅਦ ਗੰਗਾਰਾਜੂ ਨੇ ਹਥਿਆਰਾਂ ਸਮੇਤ ਪੁਲਿਸ ਅੱਗੇ ਆਤਮ ਸਮਰਪਣ ਕਰ ਦਿਤਾ ਸੀ। ਉਨ੍ਹਾਂ ਦਸਿਆ ਕਿ ਪਿੱਛੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਅਗਲੇਰੀ ਜਾਂਚ ਤੋਂ ਬਾਅਦ ਹੀ ਪਤਾ ਲਗਾਇਆ ਜਾਵੇਗਾ।
ਮਕਾਨ ਮਾਲਕ (ਜਿੱਥੇ ਗੰਗਾਰਾਜੂ ਦਾ ਪਰਵਾਰ ਪਿਛਲੇ ਪੰਜ ਸਾਲਾਂ ਤੋਂ ਕਿਰਾਏਦਾਰਾਂ ਵਜੋਂ ਰਹਿ ਰਿਹਾ ਸੀ) ਨੇ ਦਸਿਆ ਕਿ ਪਹਿਲਾਂ ਵੀ ਲੜਾਈ ਹੋਈ ਸੀ। ਪੁਲਿਸ ਨੇ ਦਸਿਆ ਕਿ ਮਕਾਨ ਮਾਲਕ ਨੂੰ ਸ਼ੱਕ ਹੈ ਕਿ ਘਟਨਾ ਦੇ ਸਮੇਂ ਗੰਗਾਰਾਜੂ ਨੇ ਸ਼ਰਾਬ ਪੀਤੀ ਹੋਈ ਸੀ।