ਕਿਹਾ, ਮੋਦੀ ਅਤੇ ਟਰੰਪ ਨੇ 2025 ਵਿਚ ਅੱਠ ਵਾਰੀ ਫ਼ੋਨ ਉਤੇ ਗੱਲ ਕੀਤੀ
ਨਵੀਂ ਦਿੱਲੀ: ਭਾਰਤ ਨੇ ਅਮਰੀਕਾ ਦੇ ਵਣਜ ਮੰਤਰੀ ਹਾਵਰਡ ਲੂਟਨਿਕ ਦੀ ਉਸ ਟਿਪਣੀ ਨੂੰ ਗਲਤ ਕਰਾਰ ਦੇ ਕੇ ਰੱਦ ਕਰ ਦਿਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੋਨ ਨਹੀਂ ਕੀਤਾ, ਜਿਸ ਕਾਰਨ ਪਿਛਲੇ ਸਾਲ ਦੋਹਾਂ ਦੇਸ਼ਾਂ ਵਿਚਾਲੇ ਪ੍ਰਸਤਾਵਿਤ ਵਪਾਰ ਸਮਝੌਤੇ ਉਤੇ ਮੋਹਰ ਨਹੀਂ ਲਗਾਈ ਜਾ ਸਕਦੀ।
ਨਵੀਂ ਦਿੱਲੀ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਉਹ ਦੋਹਾਂ ਅਰਥਵਿਵਸਥਾਵਾਂ ਵਿਚਕਾਰ ‘ਆਪਸੀ ਲਾਭਦਾਇਕ’ ਵਪਾਰ ਸਮਝੌਤੇ ਨੂੰ ਪੂਰਾ ਕਰਨ ਵਿਚ ਦਿਲਚਸਪੀ ਰੱਖਦਾ ਹੈ। ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਮੋਦੀ ਅਤੇ ਟਰੰਪ ਨੇ 2025 ਵਿਚ ਅੱਠ ਮੌਕਿਆਂ ਉਤੇ ਫੋਨ ਉਤੇ ਗੱਲਬਾਤ ਕੀਤੀ ਸੀ, ਜਿਸ ਵਿਚ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਸੀ।
ਟਰੰਪ ਨੇ ਭਾਰਤ ਉਤੇ 50 ਫੀ ਸਦੀ ਟੈਕਸ ਲਗਾ ਦਿਤਾ ਸੀ, ਜਿਸ ’ਚ ਰੂਸ ਦੇ ਕੱਚੇ ਤੇਲ ਦੀ ਖਰੀਦ ਉਤੇ 25 ਫੀ ਸਦੀ ਵਾਧੂ ਡਿਊਟੀ ਵੀ ਸ਼ਾਮਲ ਹੈ, ਜਿਸ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਦੁਵੱਲਾ ਵਪਾਰ ਸਮਝੌਤਾ ਰੁਕ ਗਿਆ ਸੀ।
ਦੋਹਾਂ ਧਿਰਾਂ ਵਿਚਾਲੇ ਤਾਜ਼ਾ ਦਰਾੜ ਉਦੋਂ ਆਈ ਹੈ ਜਦੋਂ ਉਨ੍ਹਾਂ ਦੇ ਰਿਸ਼ਤੇ ਪਿਛਲੇ ਦੋ ਦਹਾਕਿਆਂ ਵਿਚ ਸੰਭਾਵਤ ਤੌਰ ਉਤੇ ਸੱਭ ਤੋਂ ਭੈੜੇ ਪੜਾਅ ਵਿਚ ਚਲ ਰਹੇ ਹਨ। ਵਪਾਰ ਸਮਝੌਤੇ ਉਤੇ ਗੱਲਬਾਤ ਕਰਨ ਦਾ ਫੈਸਲਾ 13 ਫ਼ਰਵਰੀ ਨੂੰ ਵ੍ਹਾਈਟ ਹਾਊਸ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਹੋਈ ਮੀਟਿੰਗ ਵਿਚ ਲਿਆ ਗਿਆ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅਪਣੀ ਹਫਤਾਵਾਰੀ ਮੀਡੀਆ ਬ੍ਰੀਫਿੰਗ ’ਚ ਕਿਹਾ, ‘‘ਅਸੀਂ ਟਿਪਣੀਆਂ ਸੁਣੀਆਂ ਹਨ। ਭਾਰਤ ਅਤੇ ਅਮਰੀਕਾ ਨੇ ਪਿਛਲੇ ਸਾਲ 13 ਫ਼ਰਵਰੀ ਨੂੰ ਦੁਵਲੇ ਵਪਾਰ ਸਮਝੌਤੇ ਉਤੇ ਗੱਲਬਾਤ ਕਰਨ ਲਈ ਸਹਿਮਤੀ ਪ੍ਰਗਟਾਈ ਸੀ। ਉਦੋਂ ਤੋਂ, ਦੋਹਾਂ ਧਿਰਾਂ ਨੇ ਸੰਤੁਲਿਤ ਅਤੇ ਆਪਸੀ ਲਾਭਦਾਇਕ ਵਪਾਰ ਸਮਝੌਤੇ ਉਤੇ ਪਹੁੰਚਣ ਲਈ ਗੱਲਬਾਤ ਦੇ ਕਈ ਦੌਰ ਕੀਤੇ ਹਨ। ਕਈ ਮੌਕਿਆਂ ਉਤੇ, ਅਸੀਂ ਇਕ ਸੌਦੇ ਦੇ ਨੇੜੇ ਰਹੇ ਹਾਂ। ਲੁਟਨਿਕ ਦੀਆਂ ਟਿਪਣੀਆਂ ਠੀਕ ਨਹੀਂ ਹਨ।’’
ਉਨ੍ਹਾਂ ਅੱਗੇ ਕਿਹਾ, ‘‘ਇਤਫਾਕਨ, ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਟਰੰਪ ਨੇ 2025 ਦੌਰਾਨ ਅੱਠ ਮੌਕਿਆਂ ਉਤੇ ਫੋਨ ਉਤੇ ਗੱਲਬਾਤ ਕੀਤੀ ਹੈ, ਜਿਸ ਵਿਚ ਸਾਡੀ ਵਿਆਪਕ ਭਾਈਵਾਲੀ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ।’’
ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਪਿਛਲੇ ਸਾਲ ਦੇ ਦੌਰਾਨ ਅਜਿਹਾ ਕੋਈ ਮੌਕਾ ਨਹੀਂ ਸੀ ਜਦੋਂ ਇਕ ਫੋਨ ਕਾਲ ਵਪਾਰ ਸਮਝੌਤੇ ਉਤੇ ਮੋਹਰ ਲਗਾਉਣ ਵਿਚ ਸਹਾਇਤਾ ਕਰ ਸਕਦੀ ਸੀ।
ਟੈਰਿਫ ਤੋਂ ਇਲਾਵਾ ਭਾਰਤ-ਅਮਰੀਕਾ ਦੇ ਸਬੰਧ ਕਈ ਹੋਰ ਮੁੱਦਿਆਂ ਉਤੇ ਤਣਾਅਪੂਰਨ ਹਨ, ਜਿਨ੍ਹਾਂ ਵਿਚ ਪਿਛਲੇ ਸਾਲ ਮਈ ਵਿਚ ਭਾਰਤ-ਪਾਕਿਸਤਾਨ ਸੰਘਰਸ਼ ਨੂੰ ਖਤਮ ਕਰਨ ਦੇ ਟਰੰਪ ਦੇ ਦਾਅਵੇ ਅਤੇ ਵਾਸ਼ਿੰਗਟਨ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਸ਼ਾਮਲ ਹੈ।
