
ਕਰਟਾਨਕ ਦਾ ਬਜਟ ਪੇਸ਼ ਕਰਨ ਤੋਂ ਕੁੱਝ ਘੰਟੇ ਪਹਿਲਾਂ ਅੱਜ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੇ ਸ਼ੁਕਰਵਾਰ ਨੂੰ ਇਕ ਆਡੀਉ ਕਲਿਪ ਜਾਰੀ ਕੀਤੀ ਜਿਸ.....
ਬੈਂਗਲੁਰੂ : ਕਰਟਾਨਕ ਦਾ ਬਜਟ ਪੇਸ਼ ਕਰਨ ਤੋਂ ਕੁੱਝ ਘੰਟੇ ਪਹਿਲਾਂ ਅੱਜ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੇ ਸ਼ੁਕਰਵਾਰ ਨੂੰ ਇਕ ਆਡੀਉ ਕਲਿਪ ਜਾਰੀ ਕੀਤੀ ਜਿਸ ਵਿਚ ਸੂਬਾ ਭਾਜਪਾ ਪ੍ਰਧਾਨ ਬੀ.ਐਸ. ਯੇਦੀਯੁਰੱਪਾ ਰਾਜ ਦੀ ਗਠਜੋੜ ਸਰਕਾਰ ਨੂੰ ਡੇਗਣ ਦੇ ਮਕਸਦ ਨਾਲ ਜਨਤਾ ਦਲ ਸੈਕੂਲਰ (ਜੇ.ਡੀ.ਐਸ.) ਦੇ ਇਕ ਵਿਧਾਇਕ ਨੂੰ ਅਪਣੇ ਪਾਸੇ ਕਰਨ ਲਈ ਕਥਿਤ ਗੱਲਬਾਤ ਕਰ ਰਹੇ ਹਨ। ਜਦਕਿ ਯੇਦੀਯੁਰੱਪਾ ਨੇ ਆਡੀਉ ਕਲਿਪ ਨੂੰ 'ਫ਼ਰਜ਼ੀ' ਕਰਾਰ ਦਿੰਦਿਆਂ ਇਸ ਨੂੰ 'ਮਨਘੜਤ ਕਹਾਣੀ' ਕਰਾਰ ਦਿਤਾ ਹੈ। ਇਸ ਦੌਰਾਨ, ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਇਥੇ ਕਾਂਗਰਸ
ਵਿਧਾਇਕ ਦਲ ਦੀ ਬੈਠਕ ਮਗਰੋਂ ਪਾਰਟੀ ਨੇ ਵਿਪ੍ਹ ਜਾਰੀ ਕਰਨ ਅਤੇ ਦਲ-ਬਦਲ ਰੋਕੂ ਕਾਨੂੰਨ ਤਹਿਤ ਚਾਰ ਬਾਗੀ ਵਿਧਾਇਕਾਂ ਵਿਰੁਧ ਕਾਰਵਾਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿਧਰਮਈਆ ਨੇ ਕਿਹਾ ਕਿ ਉਹ ਵਿਧਾਨ ਸਭਾ ਦੇ ਸਪੀਕਰ ਰਮੇਸ਼ ਕੁਮਾਰ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਰਮੇਸ਼ ਜਰਹੀਹੋਲੀ, ਉਮੇਸ਼ ਜਾਧਵ, ਮਹੇਸ਼ ਕੁਮਥਲੀ ਅਤੇ ਬੀ. ਨਾਗੇਂਦਰ ਵਿਰੁਧ ਕਾਰਵਾਈ ਦੀ ਮੰਗ ਕਰਨਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰਾਂ ਅਤੇ ਜੇ.ਐਨ. ਗਣੇਸ਼ ਨੂੰ ਛੱਡ ਕੇ ਬਾਕੀ ਸਾਰੇ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਵਿਧਾਇਕ ਦਲ ਦੀ ਬੈਠਕ
ਵਿਚ ਸ਼ਿਰਕਤ ਕੀਤੀ। ਸਿਧਰਮਈਆ ਨੇ ਕਿਹਾ ਕਿ ਰੌਸ਼ਨ ਬੇਗ ਅਤੇ ਬੀ.ਸੀ. ਪਾਟਿਲ ਨਾਂ ਦੇ ਦੋ ਵਿਧਾਇਕਾਂ ਨੇ ਵੀ ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਹਿੱਸਾ ਨਹੀਂ ਲਿਆ ਪਰ ਉਨ੍ਹਾਂ ਨੇ ਇਸ ਲਈ ਪਹਿਲਾਂ ਮਨਜ਼ੂਰੀ ਲੈ ਲਈ ਸੀ। ਹਾਲ ਹੀ ਵਿਚ ਇਕ ਰਿਜ਼ਾਰਟ 'ਚ ਅਪਣੇ ਇਕ ਸਾਥੀ ਵਿਧਾਇਕ ਨਾਲ ਹੋਈ ਕਥਿਤ ਝੜਪ ਮਗਰੋਂ ਗਣੇਸ਼ ਨੂੰ ਫ਼ਰਾਰ ਐਲਾਨ ਦਿਤਾ ਹੈ। ਸਿਧਾਰਮੈਆ ਨੇ ਕਿਹਾ ਕਿ ਚਾਰ ਵਿਧਾਇਕਾਂ ਨੇ ਉਨ੍ਹਾਂ ਨੂੰ ਖ਼ੱਤ ਭੇਜ ਕੇ ਕਿਹਾ ਸੀ ਕਿ ਉਹ ਵਿਧਾਨ ਸਭਾ ਦੇ ਪੂਰੇ ਬਜਟ ਸਤਰ ਵਿਚ ਹਿੱਸਾ ਨਹੀਂ ਲੈ ਸਕਣਗੇ। ਇਸ ਦੌਰਾਨ ਮੁੱਖ ਮੰਤਰੀ ਕੁਮਾਰਸਵਾਮੀ ਨੇ ਭਾਜਪਾ ਵਲੋਂ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੇ
ਜਾਣ ਦੇ ਅਪਦੇ ਦਾਅਵੇ ਨੂੰ ਠੋਸ ਦੱਸਣ ਲਈ ਪ੍ਰੈਸ ਕਾਨਫ਼ਰੰਸ ਕਰ ਕੇ ਇਕ ਆਡੀਉ ਕਲਿਪ ਜਾਰੀ ਕੀਤੀ ਹੈਉਂ ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ 'ਮਨਜ਼ੂਰੀ' ਨਾਲ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਮੋਦੀ ਨੂੰ ਚਿਤਾਵਨੀ ਦਿਤੀ ਕਿ ਉਹ ਇਸ ਮੁਦੇ 'ਤੇ ਖ਼ੁਦ ਨੂੰ ਬੇਦਾਗ਼ ਸਾਬਤ ਕਰਨ। ਉਨ੍ਹਾਂ ਕਿਹਾ, 'ਇਹ ਸਭ ਮੋਦੀ ਅਤੇ ਸ਼ਾਹ ਕਰਵਾ ਰਹੇ ਹਨ।' ਕੁਮਾਰਸਵਾਮੀ ਨੇ ਕਿਹਾ ਕਿ ਉਹ ਇਸ ਆਡੀਉ ਕਲਿਪ ਨੂੰ ਪ੍ਰਧਾਨ ਮੰਤਰੀ ਮੋਦੀ ਕੋਲ ਭੇਜਣਗੇ, ਜੋ ਦਾਅਵਾ ਕਰਦੇ ਹਨ ਕਿ ਉਹ 'ਇਸ ਦੇਸ਼ ਇਕੱਲੇ ਰਖਿਅਕ' ਹਨ।
ਉਨ੍ਹਾਂ ਕਿਹਾ, 'ਤੁਸੀਂ (ਮੋਦੀ) ਅਪਣਾ ਅਸਲੀ ਚਿਹਰਾ ਸਾਹਮਣੇ ਲਿਆਉ।' ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਦੋ ਆਡੀਉ ਕਲਿਪ ਅਜਿਹੀਆਂ ਹਨ ਜਿਨ੍ਹਾਂ ਵਿਚ ਯੇਦੀਯੁਰੱਪਾ ਅਤੇ ਜੇ.ਡੀ.ਐਸ. ਵਿਧਾਇਕ ਨਾਗਨਗੌੜਾ ਦੇ ਬੇਟੇ ਸ਼ਰਣ ਗੌੜਾ ਵਿਚਕਾਰ ਟੈਲੀਫ਼ੋਨ 'ਤੇ ਹੋਈ ਗੱਲਬਾਤ ਰਿਕਾਰਡ ਹੈ। ਯੇਦੀਯੁਰੱਪਾ 'ਤੇ ਦੋਸ਼ ਹੈ ਕਿ ਉਹ ਪੈਸੇ ਦਾ ਲਾਲਚ ਦੇ ਕੇ ਨਾਗਨਗੌੜਾ ਨੂੰ ਅਪਣੇ ਪਾਸੇ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੁਮਾਰਸਵਾਮੀ ਨਾਲ ਮੌਜੂਦ ਸ਼ਰਣ ਨੇ ਦਸਿਆ ਕਿ ਯੇਦੀਯੁਰੱਪਾ ਨੇ ਕਿਸ ਤਰ੍ਹਾਂ ਉਸ ਦੇ ਪਿਤਾ ਨੂੰ ਲਾਲਚ ਦੇਣ ਲਈ ਫ਼ੋਨ 'ਤੇ ਸੰਪਰਕ ਕੀਤਾ ਅਤੇ ਦੇਵਦੁਰਗਾ 'ਚ ਉਨ੍ਹਾਂ ਨੂੰ ਮਿਲਣ ਲਈ ਕਿਹਾ।
ਪਲਟਵਾਰ ਕਰਦਿਆਂ ਯੇਦੀਯੁਰੱਪਾ ਨੇ ਆਡੀਉ ਕਲਿਪ ਨੂੰ 'ਫ਼ਰਜ਼ੀ' ਕਰਾਰ ਦਿਤਾ ਅਤੇ ਕਿਹਾ ਕਿ 'ਮਨਘੜਤ ਕਹਾਣੀ' ਸੁਣਾਈ ਗਈ ਹੈ। ਉਨ੍ਹਾਂ ਕਿਹਾ ਕਿ ਨਾਗਨਗੌੜਾ ਨੂੰ ਲਾਲਚ ਦੇਣ ਲਈ ਉਨ੍ਹਾਂ ਨੇ ਕਿਸੇ ਨਾਲ ਮੁਲਾਕਾਤ ਨਹੀਂ ਕੀਤੀ। ਉਨ੍ਹਾਂ ਦਸਿਆ ਕਿ ਊਹ ਮੰਦਰ 'ਚ ਦਰਸ਼ਨਾਂ ਲਈ ਦੇਵਦੁਰਗਾ ਗਏ ਸਨ ਅਤੇ ਫ਼ਿਰ ਸ਼ਹਿਰ ਵਾਪਸ ਆ ਗਏ ਸਨ। ਉਨ੍ਹਾਂ ਕਿਹਾ ਕਿ ਕੁਮਾਰਸਵਾਮੀ ਡਰਾਮਾ ਕਰ ਰਹੇ ਹਨ ਅਤੇ ਅਪਣੀਆਂ ਖ਼ਾਮੀਆਂ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। (ਪੀਟੀਆਈ)