ਦੂਜਾ ਭਰਾ ਹੋਇਆ ਗੰਭੀਰ ਜ਼ਖ਼ਮੀ
ਸ੍ਰੀ ਮੁਕਤਸਰ ਸਾਹਿਬ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਇਥੇ ਮਲੋਟ ਵਿਖੇ ਭੈਣ ਦੇ ਵਿਆਹ ਦੇ ਕਾਰਡ ਵੰਡ ਕੇ ਆ ਰਹੇ ਭਰਾਵਾਂ ਦਾ ਐਕਸੀਡੈਂਟ ਹੋ ਗਿਆ। ਹਾਦਸੇ ਵਿਚ ਇਕ ਭਰਾ ਦੀ ਮੌਤ ਜਦਕਿ ਦੂਜਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ। ਗੰਭੀਰ ਹਾਲਤ ਕਰਕੇ ਜ਼ਖ਼ਮੀ ਨੌਜਵਾਨ ਨੂੰ ਏਮਜ਼ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਮਹਿਰਾਜਵਾਲਾ ਦੀ ਭੈਣ ਦਾ ਵਿਆਹ ਸੀ। ਉਹ ਆਪਣੇ ਦੋਸਤ ਵਿੱਕੀ ਸਿੰਘ ਪੁੱਤਰ ਜੋਗਾ ਸਿੰਘ ਨਾਲ ਅਬੋਹਰ ਵਿਆਹ ਦੇ ਕਾਰਡ ਦੇ ਕੇ ਆਪਣੇ ਪਿੰਡ ਵਾਪਸ ਜਾ ਰਹੇ ਸਨ।
ਮੋਟਰਸਾਈਕਲ ਨੂੰ ਵਿੱਕੀ ਸਿੰਘ ਚਲਾ ਰਿਹਾ ਸੀ। ਅਚਾਨਕ ਉਹ ਪੈਟਰੋਲ ਪੰਪ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਦੋਵੇਂ ਨੌਜਵਾਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਮਲੋਟ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ। ਹਾਦਸੇ ਵਿਚ ਵਿੱਕੀ ਸਿੰਘ ਦਮ ਤੋੜ ਗਿਆ ਜਦਕਿ ਗੁਰਜੰਟ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਏਮਜ਼ ਰੈਫਰ ਕਰ ਦਿੱਤਾ। ਦੋਵਾਂ ਨੌਜਵਾਨਾਂ ਦੀ ਉਮਰ 23 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
