
ਦੂਜੇ ਪਾਸੇ ਕਾਂਗਰਸ ਨੇ ਤਿਲਕ ਨਗਰ ਤੋਂ ਪੀ ਐਸ ਬਾਵਾ, ਜਨਕਪੁਰੀ ਤੋਂ ਹਰਬਾਣੀ ਕੌਰ, ਮੋਤੀ ਨਗਰ ਤੋਂ ਰਜਿੰਦਰ ਸਿੰਘ ਨਾਮਧਾਰੀ ਨੂੰ ਟਿਕਟ ਦਿਤੀ ਸੀ, ਜੋ ਹਾਰ ਗਏ।
ਨਵੀਂ ਦਿੱਲੀ (ਅਮਨਦੀਪ ਸਿੰਘ) ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਚੋਂ 5 ਸੀਟਾਂ ‘ਤੇ ਸਿੱਖ ਉਮੀਦਵਾਰ ਜੇਤੂ ਰਹੇ ਹਨ। ਜਦ ਕਿ 8 ਫ਼ਰਵਰੀ 2020 ਨੂੰ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸਿਰਫ਼ ਆਮ ਆਦਮੀ ਪਾਰਟੀ ਦੇ 2 ਸਿੱਖ ਉਮੀਦਵਾਰ ਜੇਤੂ ਰਹੇ ਸਨ। ਹੁਣ ਭਾਜਪਾ ਦੀਆਂ ਟਿਕਟਾਂ ’ਤੇ ਚੋਣ ਲੜੇ ਪੁਰਾਣੇ ਅਕਾਲੀ ਰਹਿ ਚੁਕੇ, ਮਨਜਿੰਦਰ ਸਿੰਘ ਸਿਰਸਾ (ਰਾਜੌਰੀ ਗਾਰਡਨ ਸੀਟ), ਪੁਰਾਣੇ ਕਾਂਗਰਸੀ ਰਹਿ ਚੁਕੇ ਅਰਵਿੰਦਰ ਸਿੰਘ ਲਵਲੀ (ਗਾਂਧੀ ਨਗਰ ਸੀਟ) ਤੇ ਤਰਵਿੰਦਰ ਸਿੰਘ ਮਾਰਵਾਹ (ਜੰਗਪੁਰਾ ਸੀਟ) ਤੋਂ ਭਾਜਪਾ ਦੀ ਟਿਕਟ ’ਤੇ ਜੇਤੂ ਰਹੇ ਹਨ ਜਦ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਰਨੈਲ ਸਿੰਘ ਤਿਲਕ ਨਗਰ ਤੋਂ ਮੁੜ ਜੇਤੂ ਰਹੇ ਹਨ ਅਤੇ ਚਾਂਦਨੀ ਚੌਂਕ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਪੁਨਰਦੀਪ ਸਿੰਘ ਸਾਹਨੀ ਜੇਤੂ ਰਹੇ ਹਨ।
ਦੂਜੇ ਪਾਸੇ ਕਾਂਗਰਸ ਨੇ ਤਿਲਕ ਨਗਰ ਤੋਂ ਪੀ ਐਸ ਬਾਵਾ, ਜਨਕਪੁਰੀ ਤੋਂ ਹਰਬਾਣੀ ਕੌਰ, ਮੋਤੀ ਨਗਰ ਤੋਂ ਰਜਿੰਦਰ ਸਿੰਘ ਨਾਮਧਾਰੀ ਅਤੇ ਕ੍ਰਿਸ਼ਨਾ ਨਗਰ ਸੀਟ ਤੋਂ ਗੁਰਚਰਨ ਸਿੰਘ ਰਾਜੂ ਨੂੰ ਟਿਕਟ ਦਿਤੀ ਸੀ, ਜੋ ਹਾਰ ਗਏ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਨੇ ਚਾਰ, ਕਾਂਗਰਸ ਨੇ ਚਾਰ ਅਤੇ ਭਾਜਪਾ ਨੇ ਤਿੰਨ ਸਿੱਖ ਉਮੀਦਵਾਰਾਂ ਨੂੰ ਟਿਕਟ ਦਿਤੀ ਸੀ। ਭਾਵੇਂ ਕਿ ਪੁਰਾਣੇ ਇਤਿਹਾਸ ਤੇ ਰਵਾਇਤ ਮੁਤਾਬਕ ਜੇਤੂ ਸਿੱਖ ਉਮੀਦਵਾਰ ਆਪਣੀਆਂ ਪਾਰਟੀਆਂ ਨੂੰ ਸਮਰਪਤ ਹੁੰਦੇ ਹਨ ਤੇ ਕਿਣਕਾ ਮਾਤਰ ਸਿੱਖਾਂ ਦੇ ਮੁੱਦੇ ਚੁਕਦੇ ਹਨ।
ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਦਿੱਲੀ ਦੀ ਕੁੱਲ ਆਬਾਦੀ 1 ਕਰੋੜ 67 ਲੱਖ 87 ਹਜ਼ਾਰ 941 ਵਿਚ ਸਿੱਖਾਂ ਦੀ ਆਬਾਦੀ 3.40 ਫ਼ੀ ਸਦੀ ਦੇ ਹਿਸਾਬ ਨਾਲ 5 ਲੱਖ, 70 ਹਜ਼ਾਰ 581 ਸੀ, ਜਦ ਕਿ ਗੈਰ ਸਰਕਾਰੀ ਤੌਰ ‘ਤੇ ਦਿੱਲੀ ਵਿਚ ਸਿੱਖਾਂ ਦੀ ਆਬਾਦੀ 8 ਤੋਂ 10 ਲੱਖ ਮੰਨੀ ਜਾਂਦੀ ਹੈ। ਪੱਛਮੀ ਦਿੱਲੀ ਦੇ ਤਿਲਕ ਨਗਰ, ਰਾਜੌਰੀ ਗਾਰਡਨ, ਜਨਕਪੁਰੀ, ਪੰਜਾਬੀ ਬਾਗ਼ ਮੋਤੀ ਨਗਰ ਵਿਚ ਸਿੱਖਾਂ ਦੀ ਖ਼ਾਸੀ ਆਬਾਦੀ ਹੈ। 25 ਮਈ 2024 ਦੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਤਿਲਕ ਨਗਰ, ਰਾਜੌਰੀ ਗਾਰਡਨ ਦੇ ਨਾਲ ਹਰੀ ਨਗਰ ਵਿਚ ਚੰਗਾ ਵੋਟ ਮਿਲਿਆ ਸੀ।
ਜੰਗਪੁਰਾ, ਕਾਲਕਾ ਜੀ ਤੇ ਕੁਝ ਹੋਰ ਇਲਾਕਿਆਂ ਵਿਚ ਵੀ ਸਿੱਖਾਂ ਦੀ ਵੋਟਾਂ ਹਨ, ਪਰ ਦਿਲਚਸਪ ਗੱਲ ਹੈ ਕਿ ਪਛਮੀ ਦਿੱਲੀ ਲੋਕ ਸਭਾ ਦੀਆਂ 10 ਸੀਟਾਂ ‘ਚੋਂ ਸਿਰਫ਼ ਤਿਲਕ ਨਗਰ ਸੀਟ ’ਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਤੇ ਤਿਲਕ ਨਗਰ ਤੋਂ ਤਿੰਨ ਵਾਰ ਵਿਧਾਇਕ ਰਹੇ ਜਰਨੈਲ ਸਿੰਘ ਚੌਥੀ ਵਾਰ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 52 ਹਜ਼ਾਰ 134 ਵੋਟਾਂ ਲੈ ਕੇ ਜੇਤੂ ਰਹੇ ਹਨ।
ਉਨ੍ਹਾਂ ਅਪਣੀ ਵਿਰੋਧੀ ਭਾਜਪਾ ਦੀ ਉਮੀਦਵਾਰ ਸ਼ਵੇਤਾ ਸੈਣੀ ਨੂੰ 11 ਹਜ਼ਾਰ 656 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਤਿਲਕ ਨਗਰ ਹਲਕੇ ਵਿਚ ਕੁਲ 96 ਹਜ਼ਾਰ 503 ਵੋਟਾਂ ਪੋਲ ਹੋਈਆਂ ਸਨ ਤੇ ਭਾਜਪਾ ਦੀ ਉਮੀਦਵਾਰ ਸ਼ਵੇਤਾ ਸੈਣੀ ਨੂੰ 40 ਹਜ਼ਾਰ 478 ਵੋਟਾਂ ਮਿਲੀਆਂ ਹਨ। ਇਸੇ ਤਰ੍ਹਾਂ ਰਾਜੌਰੀ ਗਾਰਡਨ ਸੀਟ ਤੋਂ ਭਾਜਪਾ ਉਮੀਦਵਾਰ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ 64 ਹਜ਼ਾਰ 12 ਵੋਟਾਂ ਲੈ ਕੇ, ਆਮ ਆਦਮੀ ਪਾਰਟੀ ਦੀ ਧਨਵਤੀ ਚੰਦੇਲਾ ਨੂੰ 18 ਹਜ਼ਾਰ 190 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਰਾਜੌਰੀ ਵਿਚ ਕੁਲ 1 ਲੱਖ 14 ਹਜ਼ਾਰ 806 ਵੋਟਾਂ ਪੋਲ ਹੋਈਆਂ ਸਨ।
ਜੰਗਪੁਰਾ ਸੀਟ ਤੋਂ ਤਰਵਿੰਦਰ ਸਿੰਘ ਮਾਰਵਾਹ ਨੇ 28 ਹਜ਼ਾਰ 859 ਵੋਟਾਂ ਲੈ ਕੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੂੰ ਫੱਸਵੀਂ ਟੱਕਰ ਵਿਚ 675 ਵੋਟਾਂ ਨਾਲ ਹਰਾਇਆ। ਸਿਸੋਦੀਆ ਨੂੰ 38 ਹਜ਼ਾਰ 81 ਵੋਟਾਂ ਮਿਲੀਆਂ ਹਨ। ਜੰਗਪੁਰਾ ਹਲਕੇ ਵਿਚ ਕੁਲ 85 ਹਜ਼ਾਰ 511 ਵੋਟਾਂ ਪੋਲ ਹੋਈਆਂ ਸਨ।