
Defence Ministry News : ਸੀਬੀਆਈ ਨੇ ਮੁਲਜ਼ਮ ਨੂੰ ਰੰਗੇ ਹੱਥੀਂ ਫੜਿਆ
Three arrested including Defence Ministry auditor for taking bribe of Rs 8 lakh Latest News in Punjabi : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੱਖਿਆ ਮੰਤਰਾਲੇ ਦੇ ਪ੍ਰਿੰਸੀਪਲ ਕੰਟਰੋਲਰ ਡਿਫੈਂਸ ਅਕਾਊਂਟਸ (ਪੀਸੀਡੀਏ) ਦੇ ਦਫ਼ਤਰ ਵਿਚ ਤਾਇਨਾਤ ਇਕ ਸੀਨੀਅਰ ਆਡੀਟਰ ਅਤੇ ਦੋ ਨਿੱਜੀ ਵਿਅਕਤੀਆਂ ਨੂੰ 8 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੋ ਹੋਰ ਗ੍ਰਿਫ਼ਤਾਰ ਮੁਲਜ਼ਮ ਇਕ ਨਿੱਜੀ ਰੱਖਿਆ ਸਪਲਾਇਰ ਅਤੇ ਉਨ੍ਹਾਂ ਦੇ ਕਰਮਚਾਰੀ ਹਨ। ਸੀਬੀਆਈ ਨੇ ਇਸ ਮਾਮਲੇ ਵਿਚ 7 ਫ਼ਰਵਰੀ 2025 ਨੂੰ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਖ਼ੁਦ ਵੀ ਇਕ ਰੱਖਿਆ ਸਪਲਾਇਰ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਸੀਨੀਅਰ ਆਡੀਟਰ ਅਤੇ ਇਕ ਨਿੱਜੀ ਰੱਖਿਆ ਸਪਲਾਇਰ ਨੇ ਉਨ੍ਹਾਂ ਦੇ ਪਹਿਲਾਂ ਤੋਂ ਪ੍ਰਵਾਨਿਤ ਬਿੱਲਾਂ ਦੀ ਅਦਾਇਗੀ ਦੇ ਬਦਲੇ 10 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇੰਨਾ ਹੀ ਨਹੀਂ, ਮੁਲਜ਼ਮ ਆਡੀਟਰ ਨੇ ਇਹ ਵੀ ਧਮਕੀ ਦਿਤੀ ਸੀ ਕਿ ਜੇ ਰਿਸ਼ਵਤ ਨਹੀਂ ਦਿਤੀ ਗਈ, ਤਾਂ ਭਵਿੱਖ ਵਿਚ ਉਨ੍ਹਾਂ ਦੇ ਹੋਰ ਬਿੱਲਾਂ ਦੀ ਅਦਾਇਗੀ ਰੋਕ ਦਿਤੀ ਜਾਵੇਗੀ। ਬਾਅਦ ਵਿਚ, ਮੁਲਜ਼ਮ ਅਧਿਕਾਰੀ 10 ਲੱਖ ਰੁਪਏ ਦੀ ਬਜਾਏ 8 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈਣ ਲਈ ਸਹਿਮਤ ਹੋ ਗਿਆ ਅਤੇ ਸ਼ਿਕਾਇਤਕਰਤਾ ਨੂੰ ਇਹ ਰਕਮ ਇਕ ਨਿੱਜੀ ਰੱਖਿਆ ਸਪਲਾਇਰ ਦੇ ਕਰਮਚਾਰੀ ਨੂੰ ਦੇਣ ਲਈ ਕਿਹਾ।
ਸੀਬੀਆਈ ਨੇ ਇਸ ਮਾਮਲੇ ਵਿਚ ਜਾਲ ਵਿਛਾਇਆ ਅਤੇ ਜਿਵੇਂ ਹੀ ਮੁਲਜ਼ਮ ਕਰਮਚਾਰੀ ਸ਼ਿਕਾਇਤਕਰਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ, ਤਾਂ ਉਸ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ। ਇਸ ਤੋਂ ਬਾਅਦ ਸੀਬੀਆਈ ਨੇ ਮੁਲਜ਼ਮ ਨਿੱਜੀ ਕੰਪਨੀ ਦੇ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ, ਸੀਬੀਆਈ ਨੇ ਪਾਇਆ ਕਿ ਮੁਲਜ਼ਮ ਸਰਕਾਰੀ ਅਧਿਕਾਰੀ, ਜੋ ਕਿ ਰੱਖਿਆ ਮੰਤਰਾਲੇ, ਰੱਖਿਆ ਦਫ਼ਤਰ ਕੰਪਲੈਕਸ, ਨਵੀਂ ਦਿੱਲੀ ਦੇ ਪ੍ਰਿੰਸੀਪਲ ਕੰਟਰੋਲਰ ਆਫ਼ ਡਿਫੈਂਸ ਅਕਾਊਂਟਸ (ਪੀਸੀਡੀਏ) ਵਿਚ ਸੀਨੀਅਰ ਆਡੀਟਰ ਵਜੋਂ ਤਾਇਨਾਤ ਸੀ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸੀਬੀਆਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਭ੍ਰਿਸ਼ਟਾਚਾਰ ਵਿਚ ਹੋਰ ਕੌਣ-ਕੌਣ ਸ਼ਾਮਲ ਹੋ ਸਕਦਾ ਹੈ। ਰੱਖਿਆ ਖੇਤਰ ਵਿਚ ਅਜਿਹੀ ਰਿਸ਼ਵਤਖੋਰੀ ਨਾਲ ਸਬੰਧਤ ਇਸ ਮਾਮਲੇ ਨੂੰ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਨੇ ਸਰਕਾਰੀ ਅਧਿਕਾਰੀਆਂ ਅਤੇ ਨਿੱਜੀ ਰੱਖਿਆ ਸਪਲਾਇਰਾਂ ਵਿਚਕਾਰ ਮਿਲੀਭੁਗਤ ਦਾ ਖ਼ੁਲਾਸਾ ਕੀਤਾ ਹੈ।